ਲੁਧਿਆਣਾ, 7 ਜੂਨ,ਬੋਲੇ ਪੰਜਾਬ ਬਿਊਰੋ;
ਜਗਰਾਉਂ ਦੇ ਹਠੂਰ ਥਾਣੇ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਕਾਰ ਵਿੱਚੋਂ 140 ਕਿਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਸੁਖਚੈਨ ਸਿੰਘ ਚੈਨਾ ਵਜੋਂ ਹੋਈ ਹੈ, ਜੋ ਪਿੰਡ ਚੱਕਰ ਦਾ ਰਹਿਣ ਵਾਲਾ ਹੈ।
ਥਾਣਾ ਹਠੂਰ ਦੇ ਐਸਐਚਓ ਕੁਲਜਿੰਦਰ ਸਿੰਘ ਦੇ ਅਨੁਸਾਰ, ਪੁਲਿਸ ਟੀਮ ਪਿੰਡ ਚੱਕਰ ਵਿੱਚ ਵਾਹਨਾਂ ਦੀ ਜਾਂਚ ਕਰ ਰਹੀ ਸੀ। ਦੇਰ ਰਾਤ ਇੱਕ ਕਾਰ ਆਈ, ਜਿਸਦੀ ਚੈਕਿੰਗ ਦੌਰਾਨ ਪਿਛਲੀ ਸੀਟ ‘ਤੇ 4 ਪਲਾਸਟਿਕ ਦੇ ਥੈਲੇ ਮਿਲੇ। ਕਾਰ ਦੇ ਡਿੱਗੀ ਵਿੱਚੋਂ 3 ਹੋਰ ਥੈਲੇ ਬਰਾਮਦ ਹੋਏ। ਸਾਰੇ ਥੈਲੇ ਭੁੱਕੀ ਨਾਲ ਭਰੇ ਹੋਏ ਸਨ।
ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਹਠੂਰ ਵਿੱਚ ਕੇਸ ਦਰਜ ਕਰ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਖ਼ਿਲਾਫ਼ 8 ਸਾਲ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਦੂਜੇ ਰਾਜਾਂ ਤੋਂ ਭੁੱਕੀ ਲਿਆਉਂਦਾ ਸੀ ਅਤੇ ਨੇੜਲੇ ਪਿੰਡਾਂ ਵਿੱਚ ਸਪਲਾਈ ਕਰਦਾ ਸੀ।












