ਕਪੂਰਥਲਾ, 10 ਜੂਨ,ਬੋਲੇ ਪੰਜਾਬ ਬਿਊਰੋ;
ਕਪੂਰਥਲਾ ਦੇ ਪਿੰਡ ਲੱਖਣ ਕਲਾਂ ’ਚ ਪੁਰਾਣੀ ਚੋਣ ਰੰਜਿਸ਼ ਨੇ ਇਕ ਵਾਰੀ ਫਿਰ ਖੂਨੀ ਰੂਪ ਧਾਰ ਲਿਆ ਹੈ। ਮਹਿਲਾ ਸਰਪੰਚ ਤਜਿੰਦਰ ਕੌਰ ਦੇ ਪੁੱਤਰ ਪਵਿੱਤਰ ਸਿੰਘ ’ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ।
ਜ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਵਿੱਤਰ ਸਿੰਘ ਨੇ ਦੱਸਿਆ ਕਿ “ਮੇਰੀ ਮਾਂ ਪਿੰਡ ਦੀ ਸਰਪੰਚ ਹੈ ਤੇ ਕੁਝ ਲੋਕ ਜੋ ਪਿਛਲੀਆਂ ਚੋਣਾਂ ਤੋਂ ਰੰਜਿਸ਼ ਰੱਖਦੇ ਸਨ, ਉਹਨਾਂ ਨੇ ਮੈਨੂੰ ਅਕੈਡਮੀ ਵਿੱਚ ਮਿਲਣ ਲਈ ਸੱਦਿਆ। ਜਦੋਂ ਮੈਂ ਉੱਥੇ ਪੁੱਜਿਆ, ਤਾਂ ਉਨ੍ਹਾਂ ਨੇ ਧੋਖੇ ਨਾਲ ਮੈਨੂੰ ਘੇਰ ਲਿਆ ਤੇ ਤੁਰੰਤ ਗੋਲੀਆਂ ਚਲਾਉਣ ਲੱਗ ਪਏ। ਇੱਕ ਗੋਲੀ ਮੇਰੇ ਸਿਰ ਕੋਲੋਂ ਲੰਘੀ, ਦੂਜੀ ਬਾਂਹ ਵਿੱਚ ਲੱਗੀ।”
DSP ਦੀਪ ਕਰਨ ਸਿੰਘ ਨੇ ਸੂਚਨਾ ਦਿੰਦਿਆਂ ਕਿਹਾ, “ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਇਸ ਹਮਲੇ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।












