ਮੋਹਾਲੀ, 13 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਚੱਲ ਰਹੀ ਨਸ਼ਾ ਤਸਕਰੀ ਦੀ ਚੇਨ ਤੋੜਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ 4.5 ਕਿਲੋਗ੍ਰਾਮ ਹੈਰੋਇਨ ਅਤੇ 11 ਲੱਖ ਰੁਪਏ ਨਕਦ ਰਕਮ, ਜੋ ਕਿ ਨਸ਼ੇ ਦੀ ਵਿਕਰੀ ਨਾਲ ਜੁੜੀ ਦੱਸੀ ਜਾ ਰਹੀ ਹੈ, ਬਰਾਮਦ ਕੀਤੀ ਹੈ।
ਇਹ ਤਸਕਰ ਗੁਰਭੇਜ ਸਿੰਘ ਉਰਫ ਭੀਜਾ ਅਤੇ ਅਭਿਜੀਤ ਸਿੰਘ ਉਰਫ ਹੈਪੀ ਵਜੋਂ ਪਛਾਣੇ ਗਏ ਹਨ। ਪੁਲਿਸ ਮੁਤਾਬਕ, ਇਹ ਦੋਵੇਂ ਵਿਅਕਤੀ ਪਾਕਿਸਤਾਨ ਵਿੱਚ ਮੌਜੂਦ ਤਸਕਰ ਰਾਣਾ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਲਈ ਪੰਜਾਬ ਵਿੱਚ ਨਸ਼ਾ ਵੰਡਣ ਦਾ ਕੰਮ ਕਰ ਰਹੇ ਸਨ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਗੰਭੀਰ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੋਰ ਸਬੰਧਤ ਤਸਕਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਇਹ ਮੁਹਿੰਮ ਮੋਹਾਲੀ ਪੁਲਿਸ ਦੀ ਐਂਟੀ ਨਾਰਕੋਟਿਕਸ ਫੋਰਸ (ANTF) ਵੱਲੋਂ ਚਲਾਈ ਗਈ ਸੀ। ਤਸਕਰਾਂ ਖ਼ਿਲਾਫ਼ ਮੋਹਾਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।












