ਮੋਗਾ, 16 ਜੂਨ,ਬੋਲੇ ਪੰਜਾਬ ਬਿਊਰੋ;
ਮੋਗਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੋਗਾ ਦੇ ਪਿੰਡ ਦੁੱਨੇਕੇ ਦੀ ਨਹਿਰ ਨੇੜੇ ਇੱਕ ਟਿੱਪਰ ਹਾਈ ਵੋਲਟੇਜ ਤਾਰ ਦੇ ਸੰਪਰਕ ਵਿੱਚ ਆ ਗਿਆ। ਹੁਸ਼ਿਆਰਪੁਰ ਤੋਂ ਰੇਤ ਲੈ ਕੇ ਜਾ ਰਿਹਾ ਟਿੱਪਰ ਲਟਕਦੀ 66 ਕੇਵੀ ਤਾਰ ਦੇ ਸੰਪਰਕ ਵਿੱਚ ਆ ਗਿਆ। ਟਿੱਪਰ ਦੇ ਡਰਾਈਵਰ ਦੀ ਬਿਜਲੀ ਦੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਡਰਾਈਵਰ ਜਸਵਿੰਦਰ ਸਿੰਘ, ਵਾਸੀ ਪਿੰਡ ਚਾਨੀਆ, ਜ਼ਿਲ੍ਹਾ ਹੁਸ਼ਿਆਰਪੁਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਮੋਗਾ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ। ਮ੍ਰਿਤਕ ਦੇ ਪੁੱਤਰ ਸੱਜਣ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਹੁਸ਼ਿਆਰਪੁਰ ਤੋਂ ਟਿੱਪਰ ਵਿੱਚ ਰੇਤ ਲੈ ਕੇ ਮੋਗਾ ਆਇਆ ਸੀ ਅਤੇ ਜਿਵੇਂ ਹੀ ਟਿੱਪਰ ਸਵੇਰੇ 7 ਵਜੇ ਦੇ ਕਰੀਬ ਮੋਗਾ ਦੇ ਪਿੰਡ ਦੁੱਨੇਕੇ ਦੀ ਨਹਿਰ ਨੇੜੇ ਪਹੁੰਚਿਆ ਤਾਂ ਉੱਪਰੋਂ ਲੰਘਦੀ 66 ਕੇਵੀ ਹਾਈ ਵੋਲਟੇਜ ਲਾਈਨ ਦੀ ਤਾਰ ਗੱਡੀ ਨੂੰ ਛੂਹ ਗਈ, ਜਿਸ ਕਾਰਨ ਪੂਰੀ ਗੱਡੀ ਵਿੱਚ ਕਰੰਟ ਫੈਲ ਗਿਆ ਅਤੇ ਉਸ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।












