ਕਮਿਉਨਿਸਟ ਪਾਰਟੀਆਂ ਦੇ ਸੱਦੇ ‘ਤੇ ਫੂਕੇ ਗਏ ਨੇਤਨਯਾਹੂ ਅਤੇ ਟਰੰਪ ਦੇ ਪੁਤਲੇ

ਪੰਜਾਬ

ਮੋਦੀ ਸਰਕਾਰ ਤੋਂ ਕੀਤੀ ਮੰਗ ਕਿ ਗਾਜ਼ਾ ਵਿੱਚ ਜਾਰੀ ਕਤਲੇਆਮ ਅਤੇ ਇਰਾਨ ਉਤੇ ਇਜ਼ਰਾਇਲੀ ਹਮਲਿਆਂ ਦਾ ਕੌਮਾਂਤਰੀ ਪੱਧਰ ‘ਤੇ ਜ਼ੋਰਦਾਰ ਵਿਰੋਧ ਕੀਤਾ ਜਾਵੇ

ਮਾਨਸਾ, 17 ਜੂਨ ਬੋਲੇ ਪੰਜਾਬ ਬਿਊਰੋ;
। ‌ ਕਮਿਉਨਿਸਟ ਤੇ ਖੱਬੀਆਂ ਪਾਰਟੀਆਂ ਵਲੋਂ ਦਿੱਤੇ ਫ਼ਲਸਤੀਨੀ ਲੋਕਾਂ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਦਿੱਤੇ ਗਏ ਸੱਦੇ ‘ਤੇ ਅੱਜ ਇਥੇ ਇਕ ਇਕਜੁਟਤਾ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਇਜ਼ਰਾਈਲ ਵਲੋਂ ਅਮਰੀਕਾ ਦੀ ਸ਼ਹਿ ਤੇ ਲਗਾਤਾਰ ਕੀਤੇ ਜਾ ਰਹੇ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਅਤੇ ਇਰਾਨ ਉਤੇ ਆਰੰਭੇ ਭਿਆਨਕ ਹਮਲਿਆਂ ਖਿਲਾਫ ਸ਼ਹਿਰ ਵਿੱਚ ਰੋਸ ਮੁਜਾਹਰਾ ਕਰਦੇ ਹੋਏ ਵਿਖਾਵਾਕਾਰੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਡੋਨਾਲਡ ਟਰੰਪ ਅਤੇ ਨੇਤਨਯਾਹੂ ਦੇ ਪੁਤਲੇ ਸਾੜੇ ਗਏ ।
ਇਸ ਰੈਲੀ ਅਤੇ ਵਿਖਾਵੇ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੁਰਿੰਦਰ ਪਾਲ ਸ਼ਰਮਾ, ਸੀਪੀਐਮ ਆਗੂ ਘਣੀਸ਼ਾਮ ਨਿੱਕੂ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਆਗੂ ਮਨਜੀਤ ਸਿੰਘ ਮਾਨ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਦਲਜੀਤ ਸਿੰਘ, ਮੁਸਲਿਮ ਫਰੰਟ ਪੰਜਾਬ ਦੇ ਰਵੀ ਖਾਨ ਅਤੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਮੁੱਚੇ ਸੰਸਾਰ ਦੀ ਲੋਕ ਰਾਏ ਨੂੰ ਅੱਖੋਂ ਪਰੋਖੇ ਕਰਕੇ ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ਬੀਤੇ ਵੀਹ

ਮਹੀਨਿਆਂ ਤੋਂ ਬਿਨਾਂ ਰੁਕੇ ਗਾਜ਼ਾ ਵਿੱਚ ਬੇਕਸੂਰ ਫ਼ਲਸਤੀਨੀ ਬੱਚਿਆਂ ਔਰਤਾਂ, ਬਜ਼ੁਰਗਾਂ ਤੇ ਜ਼ਖ਼ਮੀਆਂ ਬੀਮਾਰਾਂ ਦਾ ਕਤਲੇਆਮ ਕਰ ਰਹੀ ਹੈ। ਉਹ ਸ਼ਖ਼ਤ ਘੇਰਾਬੰਦੀ ਵਿੱਚ ਰਹਿ ਰਹੇ ਇੰਨਾਂ ਫ਼ਲਸਤੀਨੀ ਲੋਕਾਂ ਨੂੰ ਪਾਣੀ, ਖੁਰਾਕ ਅਤੇ ਦਵਾਈਆਂ ਪਹੁੰਚਣ ਉਤੇ ਸਖ਼ਤ ਰੋਕਾਂ ਲਾ ਕੇ ਉਨ੍ਹਾਂ ਨੂੰ ਭੁੱਖੇ ਅਤੇ ਬੇਇਲਾਜ ਰੱਖ ਕੇ ਮਾਰ ਰਹੀ ਹੈ। ਸਾਮਰਾਜੀ ਅਮਰੀਕਾ ਦੀ ਟਰੰਪ ਸਰਕਾਰ ਇਸ ਸਭ ਕੁਝ ਨੂੰ ਖੁੱਲ੍ਹੀ ਹਿਮਾਇਤ ਦੇ ਰਹੀ ਹੈ। ਅਮਰੀਕਾ ਦੇ ਇਸ਼ਾਰੇ ‘ਤੇ ਹੀ ਹੁਣ ਨੇਤਨਯਾਹੂ ਸਰਕਾਰ ਨੇ ਇਜ਼ਰਾਇਲ ਤੋਂ ਸੋਲਾਂ ਸੌ ਕਿਲੋਮੀਟਰ ਦੂਰੀ ਉਤੇ ਸਥਿਤ ਇਰਾਨ ਉਤੇ ਭਿਆਨਕ ਹਮਲੇ ਸ਼ੁਰੂ ਕਰ ਦਿੱਤੇ ਹਨ। ਇਹ ਘੋਰ ਨਸਲਵਾਦੀ ਤੇ ਪਿਛਾਂਹਖਿਚੂ ਯਹੂਦੀਵਾਦੀ ਸਰਕਾਰ ਸੰਸਾਰ ਨੂੰ ਤੀਜੀ ਸੰਸਾਰ ਜੰਗ ਵੱਲ ਧੱਕ ਰਹੀ ਹੈ। ਪਰ ਜਿਸ ਭਾਰਤ ਨੂੰ ਕਦੇ ਸੰਸਾਰ ਭਰ ਵਿੱਚ ਗੁੱਟ ਨਿਰਲੇਪ ਲਹਿਰ ਦੇ ਮੋਢੀ ਵਜੋਂ ਵੱਡਾ ਮਾਣ ਸਤਕਾਰ ਹਾਸਲ ਸੀ, ਹੁਣ ਪ੍ਰਧਾਨ ਮੰਤਰੀ ਮੋਦੀ ਦੀ

ਅਗਵਾਈ ਵਿੱਚ ਉਹ ਭਾਰਤ ਪੂਰੀ ਤਰ੍ਹਾਂ ਅਮਰੀਕਾ ਤੇ ਇਜ਼ਰਾਇਲ ਦਾ ਪਿੱਠੂ ਬਣਿਆ ਨਜ਼ਰ ਆ ਰਿਹਾ ਹੈ। ਇਸੇ ਕਾਰਨ ਹੁਣ ਉਸੇ ਭਾਰਤ ਵਿੱਚ ਨਾ ਗਾਜ਼ਾ ‘ਚ ਇਨਸਾਨੀਅਤ ਉਤੇ ਢਾਹੇ ਜਾ ਰਹੇ ਜ਼ੁਲਮਾਂ ਖਿਲਾਫ ਬੋਲਣ ਦੀ ਹਿੰਮਤ ਹੈ ਅਤੇ ਨਾ ਉਸ ਇਰਾਨ ਉਤੇ ਹੋ ਰਹੇ ਹਮਲਿਆਂ ਖਿਲਾਫ, ਜਿਸ ਨਾਲ ਲੰਬੇ ਅਰਸੇ ਤੋਂ ਸਾਡੇ ਦੋਸਤਾਨਾ ਸੰਬੰਧ ਚਲੇ ਆ ਰਹੇ ਹਨ। ਅਸੀਂ ਮੰਗ ਕਰਦੇ ਹਾਂ ਕਿ ਮੋਦੀ ਸਰਕਾਰ ਦੇਸ਼ ਦੀ ਸਥਾਪਤੀ ਵਿਦੇਸ਼ ਨੀਤੀ ਮੁਤਾਬਕ ਅਮਰੀਕਾ ਇਜ਼ਰਾਈਲ ਦੀ ਇਸ ਕੌਮਾਂਤਰੀ ਗੁੰਡਾਗਰਦੀ ਖ਼ਿਲਾਫ਼ ਸਖ਼ਤ ਸਟੈਂਡ ਲਵੇ।
ਇਸ ਪ੍ਰਦਰਸ਼ਨ ਵਿਚ ਨਾਵਲਕਾਰ ਪ੍ਰਗਟ ਸਤੌਜ, ਕਾਮਰੇਡ ਨਛੱਤਰ ਸਿੰਘ ਖੀਵਾ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਬਲਵਿੰਦਰ ਸਿੰਘ ਘਰਾਂਗਣਾਂ, ਗੁਰਮੀਤ ਸਿੰਘ ਨੰਦਗੜ੍ਹ, ਕਾਮਰੇਡ ਧਰਮਪਾਲ ਨੀਟਾ, ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਹਰਜੀਤ ਕੌਰ, ਕਾਮਰੇਡ ਰਾਜ ਕੁਮਾਰ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨਦੀਪ ਸਿਰਸੀਵਾਲਾ, ਕੇਵਲ ਸਿੰਘ, ਹਰਗਿਆਨ ਢਿੱਲੋਂ, ਮਨਿੰਦਰ ਸਿੰਘ ਜਵਾਹਰਕੇ, ਹਰਜੀਤ ਸਿੰਘ, ਕਾਮਰੇਡ ਪ੍ਰਸ਼ੋਤਮ, ਕੌਰ ਸਿੰਘ ਬਾਬਾ, ਰਿਟਾਇਰ ਥਾਣੇਦਾਰ ਗੁਰਪ੍ਰਣਾਮ ਦਾਸ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।