ਨਛੱਤਰ ਛੱਤਾ ਨੂੰ ਯਾਦ ਕਰਦਿਆਂ …

ਸਾਹਿਤ ਪੰਜਾਬ

ਨਛੱਤਰ ਛੱਤਾ ਨੂੰ ਯਾਦ ਕਰਦਿਆਂ …

            ”ਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ”

             ਦਿਹਾੜੀਦਾਰ ਤੋਂ ਬਣਿਆ ਚੋਟੀ ਦਾ ਗਾਇਕ 

      ————————————————————

ਪੰਜਾਬੀ ਗਾਇਕੀ ਦੇ ਖੇਤਰ ਚ ਨਛੱਤਰ ਛੱਤਾ ਦਾ ਨਾਂ ਅਜਿਹੇ ਗਾਇਕਾਂ ਚ ਆਉਂਦਾ ਹੈ ਜਿਨਾਂ ਨੇ ਗਰੀਬੀ ਚੋ ਉਠ ਕੇ ਅਜਿਹਾ ਨਾਮਣਾ ਖੱਟਿਆ ਜੋ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਉਕਰ ਗਿਆ।ਅੱਤ ਗਰੀਬ ਘਰ ਚ ਜਮ੍ਹੇ ਨਛੱਤਰ ਛੱਤਾ ਬੇਸ਼ੱਕ ਬੜੀ ਛੋਟੀ ਉਮਰ ਚ ਇਸ ਜਹਾਨ ਤੋਂ ਰੁਖ਼ਸਤ ਹੋ ਗਏ।ਪਰ ਉਨਾਂ ਦੀ ਅਵਾਜ ਦਾ ਸਿੱਕਾ ਅੱਜ ਵੀ ਚਲਦਾ ਹੈ। ਛੇ  ਭਰਾਵਾਂ ਤੇ ਦੋ ਭੈਣ ਦਾ ਭਰਾ ਨਛੱਤਰ ਛੱਤਾ ਹਰਦਿਲ ਅਜੀਜ ਗਾਇਕ ਸੀ।ਜਿਸ ਨੇ ਵੇਖਦੇ ਹੀ ਵੇਖਦੇ ਗਾਇਕੀ ਚ ਆਪਣੀ ਵੱਖਰੀ ਪਛਾਣ ਬਣਾ ਲਈ।ਕਿਸੇ ਵਕਤ ਜ਼ਿਮੀਦਾਰਾਂ ਨਾਲ ਸੀਰੀ ਰਲਣ ਵਾਲਾ ਇਹ ਗਾਇਕ ਗਾਇਕੀ ਚ ਇਨੀਆ ਉੱਚੀਆਂ ਬੁਲੰਦੀਆਂ ਨੂੰ ਛੂਹੇਗਾ ਸ਼ਾਇਦ ਇਹ ਗੱਲ ਕਿਸੇ ਨੇ ਸੋਚੀ ਨਹੀਂ ਹੋਵੇਗੀ।ਪਰ ਕਹਿੰਦੇ ਜਦੋ ਪਰਮਾਤਮਾ ਬੰਦੇ ਦੀ ਬਾਂਹ ਫੜਦਾ ਤਾਂ ਫਿਰ ਪੌ ਬਾਰਾਂ ਹੋ ਜਾਂਦੀਆਂ ਹਨ।ਠੀਕ ਪਰਮਾਤਮਾ ਨੇ ਉਸਦੀ ਅਜਿਹੀ ਬਾਂਹ ਫੜੀ ਕਿ ਇਕ ਦਿਹਾੜੀ ਲਾਉਣ ਵਾਲੇ ਦੇ ਦਿਹਾੜੀ ਚ ਦੋ ਦੋ ਤਿੰਨ ਤਿੰਨ ਅਖਾੜੇ ਲੱਗਣ ਲੱਗੇ।

ਗਾਇਕੀ ਵਿਰਸੇ ਚ ਮਿਲੀ 

——————————

ਨਛੱਤਰ ਛੱਤੇ ਦਾ ਜਨਮ 18 ਜੂਨ 1959 ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰ ਵਿਖੇ ਪਿਤਾ ਸੁਦਾਗਰ ਸਿੰਘ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਹੋਇਆ।

ਗਾਣੇ ਗਾਉਣ ਤੇ ਸੁਣਨ ਦਾ ਸ਼ੌਕ ਉਸ ਨੂੰ ਮੁੱਢੋਂ ਸੀ।ਕਹਿੰਦੇ ਹਨ ਕੇ ਖੇਤਾਂ ਚ ਕੰਮ ਕਰਦੇ ਵਕਤ ਉਹ ਅਕਸਰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਸੁਣਿਆ ਕਰਦਾ। ਉਸਦਾ ਨਾਨਕਾ ਪਰਵਾਰ ਗਾਉਣ ਵਜਾਉਣ ਦਾ ਕੰਮ ਕਰਦਾ ਸੀ।ਜਿਸ ਕਰਕੇ ਗਾਇਕੀ ਵਿਰਸੇ ਚੋ ਮਿਲੀ ਪਰ ਘਰ ਦੀ ਗਰੀਬੀ ਉਸਦੇ ਗਾਇਕੀ ਦੇ ਰਾਹ ਚ ਰੋੜਾ ਸੀ।ਜਿਸ ਕਰਕੇ ਗਾਇਕੀ ਦੇ ਖਿੱਤੇ ਅੰਦਰ ਨਾਂ ਬਣਾਉਣ ਚ ਉਸ ਨੂੰ ਥੋੜ੍ਹਾ ਵਕਤ ਲੱਗਾ।

ਮਿਊਜ਼ਿਕ ਕੈਰੀਅਰ  ਦੀ ਸ਼ੁਰੂਆਤ 

———————

ਜੇ ਉਸਦੇ ਮਿਊਜ਼ਿਕ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਕ ਵਾਰ ਨਛੱਤਰ ਛੱਤਾ ਦੇ ਲਾਗਲੇ ਪਿੰਡ ਬੁਰਜ ਰਾਜਗੜ੍ਹ ਵਿਖੇ ਇਕ ਟੂਰਨਾਮੈਂਟ ਹੋ ਰਿਹਾ ਸੀ। ਪ੍ਰਬੰਧਕਾਂ ਵੱਲੋਂ ਇਸ ਟੂਰਨਾਮੈਂਟ ਵਿੱਚ ਕਈ ਗਾਇਕ ਬੁਲਾਏ ਹੋਏ ਸਨ। ਜਿਸ ਵਿੱਚ ਨਛੱਤਰ ਛੱਤੇ ਵੀ ਸੀ ।ਇਸ ਟੂਰਨਾਮੈਂਟ ਚ ਉਸ ਨੇ ਗਾਇਕ ਮਲੂਕ ਚੰਦ ਦਾ ਗਾਣਾ ‘ਚਾਰ ਦਿਨ ਦੀ ਜ਼ਿੰਦਗੀ ਰੱਖ ਸਾਂਭ ਕੇ ‘ ਗਾਇਆ ਤਾਂ ਲੋਕਾਂ ਨੇ ਉਸ ਨੂੰ ਬੇਹੱਦ ਸਰਾਹਿਆ ਤੇ ਹੱਥਾਂ ਤੇ ਚੁੱਕ ਲਿਆ ।

ਮਾਸਟਰ ਅਲਬੇਲਾ ਨੇ ਕੀਤਾ ਮੰਡਲੀ ਚ ਸ਼ਾਮਲ 

———

ਦੱਸਦੇ ਹਨ ਕਿ ਇਸ ਟੂਰਨਾਮੈਂਟ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਵੀ ਆਏ ਹੋਏ ਸਨ ।ਜਦੋਂ ਉੱਨਾਂ ਨਛੱਤਰ ਛੱਤੇ ਦੀ ਆਵਾਜ਼ ਸੁਣੀ ਤਾਂ ਉੱਨਾਂ ਉਸ ਨੂੰ ਆਪਣੀ ਮੰਡਲੀ ਚ ਸ਼ਾਮਲ ਕਰ ਲਾਇਆ ਤੇ ਉਹ ਮੰਡਲੀ ਨਾਲ ਡਰਾਮੇ ਕਰਨ ਲੱਗਾ ।ਡਰਾਮਿਆ ਚ ਉਸ ਨੂੰ ਮੁੱਖ ਰੋਲ ਦਿੱਤਾ ਜਾਂਦਾ ।ਉਹ ਡਰਾਮਿਆਂ ਚ ਭਗਤ ਪੂਰਨ ਦਾ ਕਿਰਦਾਰ ਨਿਭਾਉਂਦਾ ਜਿਸ ਨੂੰ ਲੋਕ ਵਾਹਵਾ ਸਰਾਹੁੰਦੇ ।ਜਿਸ ਨਾਲ ਉਸਦਾ ਹੌਂਸਲਾ ਵਧਣ ਲੱਗਾ ।ਪਰ ਉਸਦਾ ਮਨ ਤਾ ਗਾਇਕੀ ਦੇ ਖੇਤਰ ਚ ਉੱਚੀਆਂ ਉਡਾਰੀਆਂ ਮਾਰਨ ਨੂੰ ਕਰਦਾ ਸੀ। ਜਿਸ ਕਰਕੇ ਉਹ ਗਾਇਕੀ ਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ। ਇਸ ਤਰਾਂ ਉਸ ਨੇ ਹੌਲੀ ਹੌਲੀ ਗਾਉਣਾ ਵੀ ਸ਼ੁਰੂ ਕਰ ਦਿੱਤਾ।ਜਿਸ ਮਗਰੋਂ ਲੋਕ ਸੰਗੀਤ ਮੰਡਲੀ ਭਦੌੜ ਅਤੇ ਸਰਸਵਤੀ ਰਿਕਾਰਡਿੰਗ ਕੰਪਨੀ ਦਿੱਲੀ ਵੱਲੋਂ ਉਸਦੇ ਦੋ ਗਾਣੇ ਰਿਕਾਰਡ ਕਰਵਾਏ ਗਏ ਜੋ ਦਾਜ਼ ਦੀ ਲਾਹਨਤ ਕੈਸੇਟ ਹਨ। 

ਰੁੱਤ ਪਿਆਰ ਦੀ ਕੈਸੇਟ ਨਾਲ ਚੜੀ ਗੁੱਡੀ 

——————————-

ਇਸ ਪਿੱਛੋਂ ਸੰਨ 1987 ਚ ਉਸ ਸਮੇਂ ਦੀ ਪ੍ਰਸਿੱਧ ਕੰਪਨੀ ਪਾਇਲ ਨੇ ਨਛੱਤਰ ਛੱਤਾ ਦੀ ਕੈਸੇਟ ‘ ਰੁੱਤ ਪਿਆਰ’ਦੀ ਰਿਕਾਰਡ ਕੀਤੀ ।ਜਿਸ ਨੇ ਉਸ ਨੂੰ ਗਾਇਕੀ ਦੇ ਸਿਖਰ ਉੱਤੇ ਪਹੁੰਚਾ ਦਿੱਤਾ ।ਇਸ ਕੈਸਟ ਪਿੱਛੋਂ ਉਸਦੀ ਗੁੱਡੀ ਅਸਮਾਨੀ ਛੂਹਣ ਲੱਗੀ ਤੇ ਉਹ ਰਾਤੋ ਰਾਤ ਸੁਪਰ ਸਟਾਰ ਬਣ ਗਿਆ।ਇਸ ਕੈਸਟ ਵਿਚਲਾ ਗਾਣਾ ਰੁੱਤ ਪਿਆਰ ਦੀ ਹਮੇਸ਼ਾਂ ਵਾਸਤੇ ਉਸਦੇ ਨਾਂ ਨਾਲ ਜੁੜ ਗਿਆ ਜੋ ਅੱਜ ਤੱਕ ਬਰਕਰਾਰ ਹੈ। ਪਿੱਛੋਂ ਉਸਦਾ ਇਹੋ ਗਾਣਾ ਪੰਜਾਬੀ ਫ਼ਿਲਮ ‘ਕਿੱਸਾ ਪੰਜਾਬ ‘ਵਿੱਚ ਮੰਨਾ ਮੰਡ ਨੇ ਗਾਇਆ।

ਕੁਲਦੀਪ ਮਾਣਕ ਨੇ ਗਲ ਦੀ ਚੈਨ ਦਿੱਤੀ ਇਨਾਮ ਵਜੋਂ  

—————-

 ਕਹਿੰਦੇ ਹਨ ਕਿ ਨਛੱਤਰ ਛੱਤਾ ਏਨੀ ਹਾਈ ਪਿਚ ਉੱਤੇ ਗਾਉਂਦਾ ਸੀ ਕੇ ਕੁਲਦੀਪ ਮਾਣਕ ਵਰਗੇ ਵੀ ਉਸਦੇ ਫ਼ਨ ਦੇ ਕਾਇਲ ਸਨ। ਇਕ ਵਾਰ ਪ੍ਰੋਫੈਸਰ ਮੋਹਨ ਸਿੰਘ ਮੇਲੇ ਉੱਤੇ ਜਦੋਂ ਨਛੱਤਰ ਛੱਤਾ ਗਾ ਰਿਹਾ ਸੀ ਤਾਂ ਉਸ ਨੇ ਇੰਨੀ ਹਾਈ ਪਿੱਚ ਉੱਤੇ ਗਾਇਆ ਕਿ ਉਸਦੀ ਗਾਇਕੀ ਤੋਂ ਕਾਇਲ ਹੋ ਕੇ ਕੁਲਦੀਪ ਮਾਣਕ ਨੇ ਆਪਣੇ ਗਲ ਚ ਪਾਈ ਸੋਨੇ ਦੀ ਚੈਨ ਲਾ ਕੇ ਨਛੱਤਰ ਛੱਤੇ ਨੂੰ ਇਨਾਮ ਚ ਦੇ ਦਿੱਤੀ ।

16 ਕੈਸਟਾਂ ਹੋਈਆਂ ਰਲੀਜ਼ 

———————

ਹੁਣ ਤੱਕ ਨਛੱਤਰ ਛੱਤਾ ਗਾਇਕੀ  ਦੇ ਖੇਤਰ ਬੜਾ ਮਕਬੂਲ ਹੋ ਚੁੱਕਾ ਸੀ। 

ਨਛੱਤਰ ਛੱਤਾ ਦੀਆਂ ਮਾਰਕੀਟ ਚ ਸੱਜਣਾ ਦੀ ਯਾਦ ,ਭੁੱਲ ਚੁੱਕ ਮੁਆਫ਼ ਕਰੀ , ਲੱਗੀਆਂ ਪ੍ਰੀਤਾ ਤੇਰੀਆਂ,ਮਤਲਬ ਦੀ ਦੁਨੀਆ,ਕਰਨਾ ਛੜੇ ਪਿਆਰ ,ਮਹਿਰਮ ਦਿਲ ਦਾ ਅਤੇ ਧਾਰਮਿਕ ਕੈਸਟ ਬਾਜ਼ ਗੁਰਾਂ ਦੀ ਨਗਰੀ ਸਣੇ 16 ਦੇ ਕਰੀਬ ਕੈਸਟਾਂ  ਆਈਆਂ। ਜਿਨਾਂ ਨੂੰ ਸਰੋਤਿਆਂ  ਨੇ ਬੜਾ ਸਰਾਹਿਆ। ਇਨਾ ਕੈਸਟਾਂ ਵਿਚਲੇ ਕੁੱਝ ਸੁਪਰ ਡੁਪਰ ਹਿੱਟ ਗਾਣੇ ਜੋ ਸਰੋਤਿਆਂ ਦੇ ਦਿਲਾਂ ਤੇ  ਅੱਜ ਵੀ ਰਾਜ ਕਰਦੇ ਹਨ ।

ਇਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ 

ਯਾਦ ਆ ਗਈ ਮੱਲੋ ਮੱਲੀ ਸੋਹਣੇ ਯਾਰ ਦੀ 

ਕੇ ਪੱਤਿਆਂ ਨਾਲ ਹਿੱਕ ਭਿੜ ਗਈ ……..

ਵੇ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ 

ਮੌਸਮ ਸੁਹਾਵਣਾ ਸੀ,ਦੁੱਖ ਸੁੱਖ ਫੋਲਣੇ ਦਾ 

ਸੀਤ ਸੀ ਕਿਨਾਰਾ ਠੰਢਾ ਨਹਿਰ ਦਾ 

ਵੇ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ……..

ਮੰਦੜੋ ਬੋਲ ਨਾ ਬੋਲ ਵੇ ਸੱਜਣਾ ਮੰਦੜੇ ਬੋਲ ਨਾ ਬੋਲ 

ਕੀ ਹੋਇਆ ਜੇ ਬਿਨ ਸੱਦਿਆਂ ਹੀ ਆ ਗਏ ਤੇਰੇ ਕੋਲ 

ਮੰਦੜੋ ਬੋਲ ਨਾ ਬੋਲ ਵੇ ਸੱਜਣਾ ਮੰਦੜੋ ਬੋਲ ਨਾ ਬੋਲ…..

ਹਾਏ ਨੀ ਯਾਦ ਕਰਿਆ ਕਰੇਂਗੀ 

ਹਾੜਾ ਨੀ ਹੋਕੇ ਭਰਿਆ ਕਰੇਂਗੀ,

ਹੰਝੂਆਂ ਦੇ ਹਾਰ ਪਰੋਵੋਗੀ 

ਜਦੋ ਯਾਦ ਸੱਜਣਾ ਦੀ ਆਓ 

ਨੀ ਲੁੱਕ ਲੁੱਕ ਰੋਂਵੇਗੀ ….

ਉਸ ਨੇ ਆਪਣੀ ਗਾਇਕੀ ਦਾ ਹਾਲੇ ਲੰਬਾ ਸਫ਼ਰ ਤਹਿ ਕਰਨਾ ਸੀ।ਪਰ 7 ਮਈ 1992 ਦਾ ਦਿਨ ਉਸ ਲਈ ਕਾਲ ਬਣ ਕੇ ਆਇਆ ਤੇ ਨਛੱਤਰ ਛੱਤਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।ਉਸਦੀ ਮੌਤ ਨਾਲ ਜਿੱਥੇ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਉੱਥੇ ਉਸਦਾ ਪਰਵਾਰ ਵੀ ਖੇਰੂੰ ਖੇਰੂੰ ਹੋ ਗਿਆ ।ਨਛੱਤਰ ਛੱਤੇ ਦੀ ਮੌਤ ਦਾ ਸਭ ਤੋਂ ਵੱਡਾ ਅਸਰ ਉਸਦੀ ਧਰਮ ਪਤਨੀ ਰਾਣੀ ਕੌਰ ਉੱਤੇ ਪਿਆ ।ਜਿਸ ਨੇ ਉਸ ਨੂੰ ਝੰਜੋੜ ਕਿ ਰੱਖ ਦਿੱਤਾ ਤੇ ਪਤੀ ਦੀ ਮੌਤ ਨਾਲ ਉਹ ਮਾਨਸਿਕ ਰੋਗੀ ਹੋ ਗਈ।ਕੁਝ ਸਮੇਂ ਪਿੱਛੋਂ ਉਸਦੇ ਬੇਟੇ ਸੰਦੀਪ ਛੱਤਾ ਦੀ ਵੀ ਬਿਮਾਰੀ ਕਾਰਨ ਮੌਤ ਹੋ ਗਈ ਕਿਉਂਕਿ ਪਰਵਾਰ ਕੋਲ ਇਲਾਜ਼ ਲਈ ਪੈਸੇ ਨਹੀਂ ਸਨ ।ਮਿਊਜ਼ਿਕ ਇੰਡਸਟਰੀ ਦਾ ਸਦਾ ਇਹ ਦੁਖਾਂਤ ਰਿਹਾ ਹੈ ਕਿ ਕਿਸੇ ਵੀ ਕਲਾਕਾਰ ਦੀ ਮੌਤ ਪਿੱਛੋਂ ਉਸਦੇ ਪਰਵਾਰ ਦੀ ਵਾਤ ਤੱਕ ਨਹੀਂ ਪੁੱਛੀ ਜਾਂਦੀ।

ਬੇਸ਼ੱਕ ਨਛੱਤਰ ਛੱਤਾ ਜਲਦੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਪਰ ਉਸਦੇ ਗਾਣੇ ਰਹਿੰਦੀ ਦੁਨੀਆ ਤੱਕ ਲੋਕ ਦਿਲਾਂ ਚ ਵੱਜਦੇ ਰਹਿਣਗੇ।ਅੱਜ ਕੱਲ੍ਹ ਉਸਦੀ ਧੀ ਹਰਮਨ ਛੱਤਾ ਵੱਲੋਂ ਆਪਣੇ ਪਿਓ ਦੀ ਵਿਰਾਸਤ ਨੂੰ ਸਾਂਭਦਿਆਂ ਗਾਇਕੀ ਚ ਚੰਗਾ ਨਾਮਣਾ ਖੱਟਿਆ ਜਾ ਰਿਹਾ ਹੈ। ਸਾਲਾ! ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ।

          ———

   ਲੈਕਚਰਾਰ ਅਜੀਤ ਖੰਨਾ 

   ਮੋਬਾਈਲ:76967-54669 

   ਦੀ ਮੇਲ : khannaajitsingh@gmail.com 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।