ਲਾਲੜੂ, 18 ਜੂਨ,ਬੋਲੇ ਪੰਜਾਬ ਬਿਊਰੋ;
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਪੈਂਦੇ ਸਰਸੀਣੀ ਚੌਕ ਕੋਲ ਦੋ ਕਾਰਾਂ ਵਿਚਾਲੇ ਹੋਈ ਸਿੱਧੀ ਟੱਕਰ ਹੋ ਗਈ।ਇਸ ਹਾਦਸੇ ਦੌਰਾਨ ਇਕੋ ਪਰਿਵਾਰ ਦੇ ਦੋ ਜੀਆਂ ਦੀ ਜਾਨ ਚਲੀ ਗਈ। ਹਾਦਸੇ ਵਿੱਚ 39 ਸਾਲਾ ਸੰਦੀਪ ਕੁਮਾਰ ਤੇ ਉਸ ਦੇ ਪਿਤਾ ਰਾਜਾਰਾਮ ਵਾਸੀ ਪਿੰਡ ਮਲਕਪੁਰ (ਹਿਸਾਰ, ਹਰਿਆਣਾ) ਦੀ ਮੌਤ ਹੋ ਗਈ, ਜਦਕਿ ਸੰਦੀਪ ਦਾ ਛੋਟਾ ਭਰਾ ਮਨਦੀਪ ਗੰਭੀਰ ਜ਼ਖ਼ਮੀ ਹੋ ਗਿਆ। ਮਨਦੀਪ ਨੂੰ ਜੀਐੱਮਸੀਐੱਚ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਵੈਗਨਆਰ ਕਾਰ ‘ਚ ਸਵਾਰ ਇਹ ਤਿੰਨੇ ਵਿਅਕਤੀ ਚੰਡੀਗੜ੍ਹ ਵੱਲ ਜਾ ਰਹੇ ਸਨ, ਜਦਕਿ ਟਿਆਗੋ ਕਾਰ ਅੰਬਾਲਾ ਵੱਲ ਆ ਰਹੀ ਸੀ। ਸਰਸੀਣੀ ਚੌਕ ਨੇੜੇ ਟਿਆਗੋ ਕਾਰ ਹਾਈਵੇ ਦੇ ਗਲਤ ਪਾਸੇ ਆ ਗਈ ਅਤੇ ਵੈਗਨਆਰ ਨਾਲ ਟੱਕਰ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਸੰਦੀਪ ਤੇ ਉਸਦੇ ਪਿਤਾ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।
ਲਾਲੜੂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।












