ਮੋਦੀ ਸਰਕਾਰ ਭਾਰਤ ਦੇ ਵਕਾਰ ਨੂੰ ਮਿੱਟੀ ਵਿੱਚ ਰੋਲਣ ਦੀ ਬਜਾਏ, ਇਰਾਨ ਉਤੇ ਹਮਲਿਆਂ ਖਿਲਾਫ ਡੱਟ ਕੇ ਆਵਾਜ਼ ਉਠਾਵੇ
ਮਾਨਸਾ, 22 ਜੂਨ ,ਬੋਲੇ ਪੰਜਾਬ ਬਿਊਰੋ;
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਅਮਰੀਕਾ ਵਲੋਂ ਇਜ਼ਰਾਈਲ ਇਰਾਨ ਜੰਗ ਵਿੱਚ ਕੁੱਦਣ ਅਤੇ ਇਰਾਨ ਉਤੇ ਵੱਡੇ ਹਵਾਈ ਹਮਲੇ ਕਰਨ ਨੂੰ ਸਿਰੇ ਦੀ ਧੱਕੜ ਹਮਲਾਵਰ ਕਾਰਵਾਈ ਕਰਾਰ ਦਿੰਦਿਆਂ, ਇੰਨਾਂ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸੰਸਾਰ ਦੀ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜੰਗ ਨੂੰ ਬੰਦ ਕਰਵਾਉਣ ਲਈ ਅਮਰੀਕਾ ਇਜ਼ਰਾਈਲ ਉਤੇ ਵੱਡਾ ਦਬਾਅ ਪਾਉਣ।
ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਇਕ ਮਹਾਂਸ਼ਕਤੀ ਅਮਰੀਕਾ ਵਲੋਂ ਅਪਣੇ ਕਾਲੇ ਅਤੀਤ ਨੂੰ ਦੁਹਰਾਉਦਿਆਂ ਇਰਾਨ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਉੱਤੇ ਘਿਨਾਉਣਾ ਹਮਲਾ ਹੈ। ਹਾਲਾਂਕਿ ਇਰਾਨ ਵਲੋਂ ਕਿਸੇ ਵੀ ਦੇਸ਼ ਖਿਲਾਫ ਕੋਈ ਹਮਲਾਵਰ ਕਾਰਵਾਈ ਨਹੀਂ ਕੀਤੀ ਗਈ। ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਵੀ ਇਸ ਹਮਲੇ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਸਿਰਫ ਸ਼ਾਂਤਮਈ ਮੰਤਵਾਂ ਲਈ ਵੀ ਪ੍ਰਮਾਣੂ ਊਰਜਾ ਨੂੰ ਵਿਕਸਤ ਕਰਨ ਬਦਲੇ ਇਰਾਨ ਉਤੇ ਹਮਲਾ ਕੀਤਾ ਜਾ ਸਕਦਾ ਹੈ ਤਾਂ ਇੰਨਾਂ ਤਾਕਤਾਂ ਵਲੋਂ ਕਿਸੇ ਬਹਾਨੇ ਭਾਰਤ ਸਮੇਤ ਕਿਸੇ ਦੇਸ਼ ਨੂੰ ਕਦੇ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਰ ਮੋਦੀ ਸਰਕਾਰ ਵਲੋਂ ਸ਼ਰਮਨਾਕ ਢੰਗ ਨਾਲ ਚੁੱਪ ਧਾਰਨ ਕਰਨ ਨਾਲ ਗੁੱਟ ਨਿਰਲੇਪ ਲਹਿਰ ਦੌਰਾਨ ਨਿਭਾਈ ਆਗੂ ਭੂਮਿਕਾ ਸਦਕਾ ਭਾਰਤ ਦੇ ਸੰਸਾਰ ਭਰ ਵਿੱਚ ਬਣੇ ਵਕਾਰ ਨੂੰ ਭਾਰੀ ਸੱਟ ਵੱਜੀ ਹੈ।












