ਪੰਜਾਬ ਕੈਬਨਿਟ ਸਬ ਕਮੇਟੀ ਨੇ ਮੁਲਾਜ਼ਮ ਜਥੇਬੰਦੀ ਨਾਲ ਕੀਤੀ ਅਹਿਮ ਮੀਟਿੰਗ, ਮਾਣ ਭੱਤੇ ‘ਚ ਵਾਧਾ ਕਰਨ ਦਾ ਦਿੱਤਾ ਭਰੋਸਾ

ਚੰਡੀਗੜ੍ਹ ਪੰਜਾਬ

ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਵਿੱਚ 20% ਦਾ ਰੈਗੂਲਰ ਸਲਾਨਾ ਵਾਧਾ ਕੀਤਾ ਜਾਵੇ

ਚੰਡੀਗੜ੍ਹ 22 ਜੂਨ ,ਬੋਲੇ ਪੰਜਾਬ ਬਿਊਰੋ;

 ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਸਕੱਤਰ ਪਰਸੋਨਲ ਗੁਰਪ੍ਰੀਤ ਕੌਰ ਸਪਰਾ, ਸਕੱਤਰ ਖਰਚਾ ਵੀ.ਐਨ. ਯਾਦੇ ਅਤੇ ਸਿੱਖਿਆ ਸਕੱਤਰ ਸ੍ਰੀਮਤੀ ਅਨੰਦਿਤਾ ਅਤੇ ਸਾਂਝੇ ਮੋਰਚੇ ਵੱਲੋਂ ਲਖਵਿੰਦਰ ਕੌਰ ਫਰੀਦਕੋਟ, ਮਨਦੀਪ ਕੌਰ ਬਿਲਗਾ, ਮਮਤਾ ਸ਼ਰਮਾਂ, ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ ਅਤੇ ਰਮਨਜੀਤ ਕੌਰ ਮੁਕਤਸਰ ਸ਼ਾਮਲ ਸਨ।

ਸਾਂਝੇ ਮੋਰਚੇ ਦੇ ਆਗੂਆਂ ਵੱਲੋਂ ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਅਹਿਮ ਮੰਗਾਂ ‘ਤੇ ਵਿਸਥਾਰ ਸਹਿਤ ਗੱਲਬਾਤ ਕਰਦਿਆਂ ਸਰਕਾਰ ਨੂੰ ਉਨਾਂ ਦੇ ਚੋਣ ਵਾਅਦੇ ਯਾਦ ਕਰਵਾਏ ਗਏ।ਆਗੂਆਂ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ‘ਤੇ ਘੱਟੋ ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕਰਕੇ ਮਹਿਕਮੇ ਅੰਦਰ ਪੱਕਾ ਕੀਤਾ ਜਾਵੇ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਆਂਗਣਵਾੜੀ ਸੁਪਰਵਾਈਜ਼ਰ ਦੇ ਬਰਾਬਰ ਸਕੇਲ ਦਿੱਤਾ ਜਾਵੇ, ਮਿਡ ਡੇ ਮੀਲ ਵਰਕਰਾਂ ਨੂੰ ਵੀ ਵਰਦੀ ਦਿੱਤੀ ਜਾਵੇ।

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਮਿਲ ਰਹੀ ਵਰਦੀ ਦਾ ਭੱਤਾ ਟਾਈਮ ਨਾਲ ਖਾਤੇ ਵਿੱਚ ਪਾਇਆ ਜਾਵੇ, ਆਸ਼ਾ ਵਰਕਰਾਂ ਦੇ ਕੱਟੇ ਹੋਏ ਇਨਸੈਂਟਿਵ ਮੁੜ ਬਹਾਲ ਕੀਤੇ ਜਾਣ, ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਵਿੱਚ 20% ਦਾ ਰੈਗੂਲਰ ਸਲਾਨਾ ਵਾਧਾ ਕੀਤਾ ਜਾਵੇ।

ਮਾਣ ਭੱਤਾ ਵਰਕਰਾਂ ‘ਤੇ ਪ੍ਰਸੂਤਾ ਛੁੱਟੀ ਦਾ ਨਿਯਮ ਤੁਰੰਤ ਲਾਗੂ ਕੀਤਾ ਜਾਵੇ, 62 ਸਾਲ ਦੀ ਉਮਰ ਪੂਰੀ ਕਰ ਚੁਕੀਆਂ ਆਸ਼ਾ ਵਰਕਰਾਂ ਨੂੰ 5 ਲੱਖ ਦੀ ਗਰੈਚੁਟੀ ਅਤੇ ਘੱਟੋ ਘੱਟ 9 ਹਜ਼ਾਰ ਰੁਪਏ ਪੈਨਸ਼ਨ ਦੇ ਕੇ ਸੇਵਾ ਮੁਕਤ ਕੀਤਾ ਜਾਵੇ ਅਤੇ ਮਿਡ-ਡੇ-ਮੀਲ ਤੇ ਆਸ਼ਾ ਵਰਕਰਾਂ ਦਾ 5 ਲੱਖ ਦਾ ਬੀਮਾ ਕੀਤਾ ਜਾਵੇ।

ਕੈਬਨਿਟ ਸਬ -ਕਮੇਟੀ ਵੱਲੋਂ ਮੋਰਚੇ ਨੂੰ ਭਰੋਸਾ ਦਿੱਤਾ ਗਿਆ ਕਿ ਮਿਲ ਰਹੇ ਮਾਣ ਭੱਤੇ ਨੂੰ ਦੋ ਮਹੀਨੇ ਦੇ ਵਿੱਚ ਦੁੱਗਣਾ ਕੀਤਾ ਜਾਵੇਗਾ, ਪ੍ਰਸੂਤਾ ਛੁੱਟੀ, ਵਰਕਰਾਂ ਦੇ ਭੱਤਿਆਂ ਵਿੱਚ 20% ਦਾ ਸਲਾਨਾ ਵਾਧਾ, ਆਸ਼ਾ ਵਰਕਰਾਂ ਦੇ ਕੱਟੇ ਹੋਏ ਇਨਸੈਂਟਿਵ ਬਹਾਲ ਕਰਕੇ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਵਰਦੀ ਦੇਣ ਦੇ ਨੋਟੀਫਿਕੇਸ਼ਨ ਜਲਦੀ ਕਰ ਦਿੱਤੇ ਜਾਣਗੇ।

ਮਾਣ ਭੱਤਾ ਵਰਕਰਜ਼ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਨਹੀਂ ਕਰਦੀ ਤਾਂ ਮਾਣ ਭੱਤਾ ਵਰਕਰਾਂ ਅਗਲੇ ਤਿੱਖੇ ਸੰਘਰਸ਼ਾਂ ਲਈ ਲਈ ਤਿਆਰ ਬਰ ਤਿਆਰ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।