ਚੰਡੀਗੜ੍ਹ 22 ਜੂਨ ,ਬੋਲੇ ਪੰਜਾਬ ਬਿਊਰੋ;
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠੋਈ ਕਲਾਂ ਦੀ ਜ਼ਮੀਨ ਮਾਮਲੇ ਤੇ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਅੱਗੇ ਵੱਡੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਅਤੇ ਮਰਦਾਂ ਨੇ ਸ਼ਮੂਲੀਅਤ ਕੀਤੀ। ਇਹ ਇਕੱਤਰਤਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਭੰਗ ਕਰਕੇ ਕਿਸਾਨਾਂ-ਮਜਦੂਰਾਂ ਵਿੱਚ ਫੁੱਟ ਪਾਉਣ ਦੇ ਰੋਸ ਵਜੋਂ ਕੀਤੀ ਗਈ।ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਭਾਕਿਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਅਪਣਾਈਆਂ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ, ਕਿਸਾਨਾਂ ਨੂੰ ਸੁਚੇਤ ਕੀਤਾ, ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਲੋਕਾਂ ਦੇ ਮਸਲਿਆਂ ਦੇ ਹਲ ਕਰਨ ਦੇ ਸਮਰੱਥ ਨਹੀਂ ਹੁੰਦੀਆਂ ਤਾਂ ਇਹ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਕੋਝੀਆਂ ਚਾਲਾਂ ਨਾਲ ਤੋੜਦੀਆਂ ਹਨ ਤਾਂ ਜੋ ਕਾਰਪੋਰੇਟਾਂ ਦੇ ਹੇਜ ਪੁਗਾਏ ਜਾ ਸਕਣ।
ਬਲਦੇਵ ਸਿੰਘ ਬਠੋਈ ਕਲਾਂ ਨੇ ਜ਼ਮੀਨ ਤੇ ਅਬਾਦਕਾਰਾਂ ਦੇ ਮਾਲਕੀ ਹੱਕਾਂ ਨੂੰ ਦਰੁਸਤ ਕਰਦੇ ਕਾਨੂੰਨੀ ਦਸਤਾਵੇਜ਼ਾਂ ਦਾ ਹਵਾਲਾ ਪੇਸ਼ ਕੀਤਾ। ਉਨ੍ਹਾਂ ਵੱਲੋਂ 1972 ਤੋਂ ਹੁਣ ਤੱਕ ਦੀਆਂ ਸਾਰੀਆਂ ਕਾਰਵਾਈਆਂ ਨੂੰ ਇਕੱਠ ਸਾਹਮਣੇ ਰੱਖਿਆ। ਇਨ੍ਹਾਂ ਤੋਂ ਇਲਾਵਾ ਸੂਬਾ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਸਰਕਾਰ ਪਿੰਡਾਂ ਵਿੱਚ ਕਿਸਾਨ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਨੂੰ ਜਾਤ, ਧਰਮ ਤੇ ਹੋਰ ਵੰਡ ਪਾਊ ਨੀਤੀਆਂ ਰਾਹੀਂ ਉਲਝਾ ਕੇ, ਜ਼ਮੀਨਾਂ ਕੋਡੀਆਂ ਦੇ ਭਾਅ ਹਾਸਲ ਕਰਕੇ ਵੱਡੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ।ਆਗੂਆਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਲੈਂਡ ਬੈਂਕ ਬਣਾਉਣ ਦੇ ਮਨਸੂਬੇ ਤਹਿਤ ਪਹਿਲਾਂ ਸ਼ਾਮਲਾਤੀ, ਮਸਤਰਕਾ ਮਾਲਕ, ਹੋਰ ਸਾਂਝੀਆਂ ਜ਼ਮੀਨਾਂ ਹੜੱਪਣ ਦੀ ਵਿਉਂਤ ਬਣਾਈ ਹੋਈ ਹੈ। ਇਸ ਤੋਂ ਬਾਅਦ ਲੈਂਡ ਪੁਲਿੰਗ, ਭਾਰਤ ਮਾਲਾ, ਰਿੰਗ ਰੋਡ, ਬਾਈਪਾਸ, ਅਰਬਨ ਅਸਟੇਟਾਂ ਤੇ ਹੋਰ ਬੇਲੋੜੇ ਪ੍ਰੋਜੈਕਟਾਂ ਰਾਹੀਂ ਪੰਜਾਬ ਦੀ ਵੱਡੀ ਗਿਣਤੀ ਨੂੰ ਜ਼ਮੀਨਾਂ ਵਿੱਚ ਬਾਹਰ ਕਰਨਾ ਹੈ। ਆਗੂਆਂ ਵੱਲੋਂ ਜਾਣੁ ਕਰਵਾਇਆ ਗਿਆ ਕਿ ਪੰਜਾਬ ਭਰ ਵਿੱਚ 700 ਪਿੰਡਾਂ ਦੀਆਂ ਜ਼ਮੀਨਾਂ ਨੂੰ ਸਰਕਾਰ ਪਹਿਲੇ ਸੱਟੇ ਹੜੱਪਣ ਲਈ ਤਰਲੋ ਮੱਛੀ ਹੋ ਰਹੀ ਹੈ।
ਸੂਬਾ ਔਰਤ ਆਗੂ ਹਰਿੰਦਰ ਬਿੰਦੂ ਤੇ ਪਟਿਆਲਾ ਜ਼ਿਲ੍ਹੇ ਤੋਂ ਆਗੂ ਮਨਦੀਪ ਕੌਰ ਬਾਰਨ ਨੇ ਇਹ ਜ਼ਮੀਨਾਂ ਬਚਾਉਣ ਲਈ ਔਰਤਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਤੇ ਸ਼ਾਮਲ ਔਰਤਾਂ ਨੂੰ ਸੰਘਰਸ਼ਾਂ ਪ੍ਰਤੀ ਲਾਮਵੰਦ ਕੀਤਾ। ਆਗੂਆਂ ਵੱਲੋਂ ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਤੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਕਾਰਜ਼ ਕੀਤੇ ਜਾ ਰਹੇ ਹਨ।
ਕਾਨਫਰੰਸ ਦੌਰਾਨ ਮੰਗ ਕੀਤੀ ਗਈ ਕਿ ਡੀਡੀਪੀਓ ਪਟਿਆਲਾ ਅਤੇ ਬੀਡੀਪੀਓ ਪਟਿਆਲਾ-1 ਦੇ ਖਿਲਾਫ ਲੋਕਾਂ ਦੀਆਂ ਸਾਂਝ ਨੂੰ ਵਿਗਾੜਨ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਦੇ ਨਾਮ ਤੇ ਏ ਡੀ ਸੀ ਵਿਕਾਸ ਰਾਹੀਂ ਸੌਂਪਿਆ ਗਿਆ। ਇਨ੍ਹਾਂ ਤੋਂ ਇਲਾਵਾ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ, ਜਗਤਾਰ ਕਾਲਾਝਾੜ, ਅਮਰੀਕ ਸਿੰਘ ਗੰਢੂਆਂ, ਜਸਵਿੰਦਰ ਸਿੰਘ ਬਰਾਸ, ਬਲਰਾਜ ਜੋਸ਼ੀ, ਸੁਖਮਿੰਦਰ ਸਿੰਘ ਬਾਰਨ, ਜਗਮੇਲ ਸਿੰਘ ਗਾਜੇਵਾਸ ਨੇ ਵੀ ਸੰਬੋਧਨ ਕੀਤਾ।












