ਮਾਨਸਾ, 23 ਜੂਨ ,ਬੋਲੇ ਪੰਜਾਬ ਬਿਉਰੋ;
ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਅੱਜ ਕਾਮਰੇਡ ਜੀਤਾ ਕੌਰ ਦੀ 18ਵੀਂ ਬਰਸੀ ਮੌਕੇ ਉਨ੍ਹਾਂ ਨਮਿਤ ਯਾਦਗਾਰੀ ਮੀਟਿੰਗ ਕੀਤੀ ਗਈ।
ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਹੋਈ ਇਸ ਮੀਟਿੰਗ ਨੂੰ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪਾਰਟੀ ਤੇ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀਆਂ ਆਗੂ ਕਾਮਰੇਡ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਹਰਜੀਤ ਕੌਰ ਮਾਨਸਾ ਅਤੇ ਸੀਨੀਅਰ ਪਾਰਟੀ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਾਮਰੇਡ ਜੀਤਾ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪਾਰਟੀ ਤੇ ਇਨਕਲਾਬੀ ਲਹਿਰ ਪ੍ਰਤੀ ਕਾਮਰੇਡ ਜੀਤਾ ਕੌਰ ਦੇ ਸਮਰਪਣ ਤੇ ਮਿਸਾਲੀ ਅਨੁਸ਼ਾਸਨ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਨੂੰ ਉਸਾਰਨ ਵਿੱਚ ਉਨ੍ਹਾਂ ਵਲੋਂ ਨਿਭਾਈ ਭੂਮਿਕਾ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਕਾਮਰੇਡ ਖੀਵਾ ਨੇ ਜ਼ੋਰ ਦਿੱਤਾ ਕਿ ਸਾਨੂੰ ਜਨਤਾ ਨੂੰ ਸੂਬੇ, ਦੇਸ਼ ਤੇ ਦੁਨੀਆਂ ਵਿੱਚ ਵਾਪਰ ਰਹੀਆਂ ਅਹਿਮ ਘਟਨਾਵਾਂ ਬਾਰੇ ਕਮਿਉਨਿਸਟ ਨਜ਼ਰੀਏ ਤੋਂ ਜਨਤਾ ਨੂੰ ਜਾਗਰਤ ਕਰਨ ਲਈ ਲਗਾਤਾਰ ਪ੍ਰਚਾਰ ਮੁਹਿੰਮ ਚਲਾਉਣ ਦੀ ਸਖ਼ਤ ਜ਼ਰੂਰਤ ਹੈ।
ਪਾਰਟੀ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਂਗਣਾਂ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਬ੍ਰਾਂਚ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਿਆਸੀ ਸਰਗਰਮੀ ਤੇਜ਼ ਕਰਨ ਦੀ ਅਪੀਲ ਕੀਤੀ।












