ਪਟਿਆਲ਼ਾ, 28 ਜੂਨ,ਬੋਲੇ ਪੰਜਾਬ ਬਿਊਰੋ;
ਪਟਿਆਲਾ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ੰਭੂ ਥਾਣਾ ਪੁਲਿਸ ਨੇ ਨਵਜੰਮੇ ਬੱਚਿਆਂ ਨੂੰ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 5 ਦਿਨਾਂ ਦੀ ਇੱਕ ਨਵਜੰਮੀ ਬੱਚੀ ਬਰਾਮਦ ਕੀਤੀ ਗਈ ਹੈ, ਜਿਸਨੂੰ ਤਿੰਨ ਲੱਖ ਰੁਪਏ ਵਿੱਚ ਵੇਚਣ ਲਈ ਲਿਆਂਦਾ ਗਿਆ ਸੀ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਭਾਨ ਸਿੰਘ ਅਨੁਸਾਰ ਮੌਕੇ ਤੋਂ ਫੜੀ ਗਈ ਔਰਤ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਸੇਵਾਦਾਰ ਹੈ। ਜਦੋਂ ਕਿ ਬਾਕੀ ਦੋ ਮੁਲਜ਼ਮ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਕਰਮਚਾਰੀ ਹਨ।
ਪੁਲਿਸ ਅਨੁਸਾਰ ਔਰਤ ਜਣੇਪੇ ਲਈ ਹਸਪਤਾਲ ਆਉਣ ਵਾਲੀਆਂ ਗਰੀਬ ਅਤੇ ਲੋੜਵੰਦ ਔਰਤਾਂ ਦੀ ਪਛਾਣ ਕਰਦੀ ਸੀ ਅਤੇ ਅੱਗੇ ਵੇਚਣ ਲਈ ਉਨ੍ਹਾਂ ਤੋਂ ਨਵਜੰਮੇ ਬੱਚੇ ਖਰੀਦਦੀ ਸੀ। ਬਾਅਦ ਵਿੱਚ, ਉਹ ਆਪਣੇ ਸਾਥੀਆਂ ਨਾਲ ਮਿਲ ਕੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਵੇਚ ਦਿੰਦੀ ਸੀ। ਮੁਲਾਜ਼ਮਾਂ ਦੀ ਪਛਾਣ ਕੁਲਦੀਪ ਕੌਰ ਵਾਸੀ ਪਿੰਡ ਮੀਰਹੇੜੀ ਜ਼ਿਲ੍ਹਾ ਸੰਗਰੂਰ, ਸੰਨੀ ਮਹਿਤਾ ਵਾਸੀ ਗੁਰੂਦੁਆਰਾ ਵਾਲੀ ਗਲੀ ਵਾਰਡ ਨੰਬਰ 3 ਮਾਨਸਾ ਅਤੇ ਵਕੀਲ ਸਿੰਘ ਵਾਸੀ ਪਿੰਡ ਅੱਕਾ ਵਾਲੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਏਐਸਆਈ ਭਾਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਗਸ਼ਤ ਲਈ ਘਨੌਰ ਮੋਡ ਸ਼ੰਭੂ ਖੁਰਦ ਵਿਖੇ ਮੌਜੂਦ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਵਿੱਚ ਸ਼ਾਮਲ ਹਨ। ਉਹ ਸਲਿੱਪ ਰੋਡ ਅੰਬਾਲਾ ਤੋਂ ਰਾਜਪੁਰਾ ਨੇੜੇ ਸਰਤਾਜ ਢਾਬੇ ਕੋਲ ਖੜ੍ਹੇ ਸਨ ਕਿ ਉਹ ਕਿਸੇ ਤੋਂ ਬੱਚੀ ਖਰੀਦ ਕੇ ਦੂਜੀ ਧਿਰ ਨੂੰ ਵੇਚ ਦੇਣਗੇ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰ ਕੇ ਤਿੰਨਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ ਪੰਜ ਦਿਨਾਂ ਦੀ ਨਵਜੰਮੀ ਬੱਚੀ ਵੀ ਬਰਾਮਦ ਕੀਤੀ।












