ਮਾਨਸਾ, 28 ਜੂਨ ਬੋਲੇ ਪੰਜਾਬ ਬਿਊਰੋ;
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਪੰਜਾਬ ਸਰਕਾਰ ਅਤੇ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਮਾਨਸਾ ਵਿੱਚ ਖਰਾਬ ਮਸ਼ੀਨਾਂ ਨੂੰ ਬਦਲਣ ਅਤੇ ਸਟਾਫ ਦੀ ਵੱਡੀ ਘਾਟ ਨੂੰ ਪੂਰਾ ਕਰਨ ਵੱਲ ਤੁਰੰਤ ਧਿਆਨ ਦਿੱਤਾ ਜਾਵੇ।
ਪ੍ਰਗਤੀਸ਼ੀਲ ਇਸਤਰੀ ਸਭਾ ਦੀਆਂ ਆਗੂਆਂ – ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਹਰਜੀਤ ਕੌਰ ਮਾਨਸਾ ਵਲੋਂ ਜਾਰੀ ਬਿਆਨ ਵਿੱਚ ਦਸਿਆ ਗਿਆ ਹੈ ਕਿ ਸਿਵਲ ਹਸਪਤਾਲ ਮਾਨਸਾ ਜ਼ਿਲ੍ਹੇ ਦਾ ਇਕੋ ਇਕ ਵੱਡਾ ਹਸਪਤਾਲ ਹੈ, ਜੋ ਜ਼ਿਲ੍ਹੇ ਦੀ ਆਮ ਜਨਤਾ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ, ਪਰ ਹੁਣ ਪੈਰਾ ਮੈਡੀਕਲ ਸਟਾਫ ਦੀ ਵੱਡੀ ਕਮੀ ਅਤੇ ਬੇਹੱਦ ਜ਼ਰੂਰੀ ਮੈਡੀਕਲ ਉਪਕਰਣਾਂ ਦੀ ਤੁਰੰਤ ਪੈਰ ਮੁਰੰਮਤ ਨਾ ਹੋਣ ਕਾਰਨ ਖਸਤਾ ਹਾਲਤ ਵਿੱਚ ਹੈ। ਬਿਆਨ ਵਿੱਚ ਦਸਿਆ ਗਿਆ ਹੈ ਕਿ ਕਦੇ ਇਸ ਹਸਪਤਾਲ ਦੀ ਟੈਸਟਿੰਗ ਲੈਬ ਟੈਸਟਾਂ ਦੀ ਕੁਆਲਟੀ ਤੇ ਸੰਖਿਆ ਪੱਖੋਂ ਪ੍ਰਾਈਵੇਟ ਲੈਬਾਟਰੀਆਂ ਨੂੰ ਵੀ ਮਾਤ ਪਾਉਂਦੀ ਸੀ। ਪਰ ਸਿਹਤ ਸੇਵਾਵਾਂ ਵਿਚ ਸੁਧਾਰ ਦੇ ਵੱਡੇ ਦਾਅਵੇ ਕਰਨ ਵਾਲੀ ਆਪ ਸਰਕਾਰ ਨੇ ਮੈਡੀਕਲ ਉਪਕਰਣਾਂ ਦੀ ਮੁਰੰਮਤ ਤੇ ਰੱਖ ਰਖਾਅ ਦਾ ਪੂਰੇ ਪੰਜਾਬ ਦਾ ਠੇਕਾ ਅਣਜਾਣੇ ਕਾਰਨਾਂ ਕਰਕੇ ਅਪਣੀ ਚਹੇਤੀ ਕਿਸੇ ਇੱਕੋ ਕੰਪਨੀ ਨੂੰ ਦਿੱਤਾ ਹੋਇਆ ਹੈ, ਪਰ ਉਸ ਕੰਪਨੀ ਦੀ ਕਾਰਜ ਕੁਸ਼ਲਤਾ ਬਹੁਤ ਮਾੜੀ ਹੈ। ਇਸ ਦਾ ਇਕ ਨਮੂਨਾ ਹੈ ਕਿ ਸਿਵਲ ਹਸਪਤਾਲ ਮਾਨਸਾ ਦੀ ਰੋਜ਼ਾਨਾ ਵੱਖ ਵੱਖ ਕਿਸਮ ਦੇ ਸੈਂਕੜੇ ਟੈਸਟ ਕਰਨ ਵਾਲੀ ਲੈਬ ਦੀ ਫੁਲੀ ਬਾਇਓਡੇਟਾ ਅਨੈਲੇਸਿਸ ਕਰਨ ਵਾਲੀ ਮੁੱਖ ਕੰਪਿਉਟਰਾਇਜ਼ਡ ਟੈਸਟਿੰਗ ਮਸ਼ੀਨ ਪੂਰੇ ਦੋ ਮਹੀਨਿਆਂ ਤੋਂ ਖ਼ਰਾਬ ਪਈ ਹੈ, ਪਰ ਜਿਸ ਕੰਪਨੀ ਨੂੰ ਰਿਪੇਰਿੰਗ ਦਾ ਠੇਕਾ ਦਿੱਤਾ ਹੋਇਆ ਹੈ, ਉਸ ਕੋਲ ਇਸ ਦੀ ਮੁਰੰਮਤ ਕਰਨ ਦੇ ਯੋਗ ਇੰਜੀਨੀਅਰ ਹੀ ਨਹੀਂ ਹਨ। ਨਤੀਜਾ ਰੋਜ਼ਾਨਾ ਟੈਸਟਾਂ ਲਈ ਹਸਪਤਾਲ ਆਉਣ ਵਾਲੇ ਸੈਂਕੜੇ ਇਨ ਡੋਰ ਤੇ ਆਊਟਡੋਰ ਮਰੀਜ਼ ਅਤੇ ਡੋਪ ਟੈਸਟ ਜਾਂ ਨੌਕਰੀਆਂ ਲਈ ਮੈਡੀਕਲ ਟੈਸਟ ਕਰਵਾਉਣ ਆਏ ਲੋਕ ਬੁਰੀ ਤਰ੍ਹਾਂ ਖੱਜਲਖੁਆਰ ਹੋ ਰਹੇ ਹਨ ਜਾਂ ਪ੍ਰਾਈਵੇਟ ਲੈਬਾਟਰੀਆਂ ਤੋਂ ਮਹਿੰਗੇ ਟੈਸਟ ਕਰਵਾਉਣ ਲਈ ਮਜ਼ਬੂਰ ਹੋ ਰਹੇ ਹਨ। ਮੈਡੀਕਲ ਐਮਰਜੈਂਸੀ ਲਈ 24 ਘੰਟੇ ਖੁੱਲ੍ਹੀ ਰਹਿਣ ਵਾਲੀ ਇਸ ਲੈਬ ਅਤੇ ਬਲੱਡ ਬੈਂਕ ਲਈ ਲੈਬ ਟੈਕਨੀਸ਼ੀਅਨਾਂ ਦੀਆਂ ਛੇ ਪੋਸਟਾਂ ਮਨਜ਼ੂਰ ਹਨ, ਪਰ ਨਿਯੁਕਤ ਸਿਰਫ਼ ਤਿੰਨ ਲੈਬ ਟੈਕਨੀਸ਼ੀਅਨ ਹੀ ਹਨ, ਜਿੰਨਾਂ ਲਈ ਦਿਨ ਰਾਤ ਕੰਮ ਚਲਾ ਸਕਣਾ ਬਹੁਤ ਮੁਸ਼ਕਲ ਹੈ। ਜਿਸ ਦੇ ਨੁਕਸਾਨ ਤੇ ਨਤੀਜੇ ਇਸ ਦੂਰ ਦੁਰਾਡੇ ਜ਼ਿਲ੍ਹੇ ਦੇ ਸਧਾਰਨ ਗਰੀਬ ਮਰੀਜ਼ਾਂ ਨੂੰ ਭੁਗਤਣੇ ਪੈ ਰਹੇ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਹੱਲਾ ਕਲੀਨਿਕ ਖੋਲ੍ਹ ਕੇ ਨਮੂਨੇ ਦੀਆਂ ਸਿਹਤ ਸੇਵਾਵਾਂ ਦੇਣ ਦਾ ਦਾਹਵਾ ਕਰਨ ਵਾਲੀ ਇਸ ਸਰਕਾਰ ਨੂੰ ਅਤੇ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਜੋ ਖੁਦ ਇੱਕ ਡਾਕਟਰ ਹਨ – ਨੂੰ ਹਵਾਈ ਗੱਲਾਂ ਕਰਨ ਦੀ ਥਾਂ ਜ਼ਿਲ੍ਹੇ ਦੇ ਮੁੱਖ ਹਸਪਤਾਲ ਵਿੱਚ ਮੌਜੂਦ ਇੰਨਾਂ ਗੰਭੀਰ ਘਾਟਾਂ ਨੂੰ ਦੂਰ ਕਰਨ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।












