ਜਗਰਾਓਂ, 2 ਜੁਲਾਈ,ਬੋਲੇ ਪੰਜਾਬ ਬਿਊਰੋ;
ਜਗਰਾਓਂ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਜੇਲ੍ਹ ’ਚ ਬੰਦ ਇਕ ਪਤੀ-ਪਤਨੀ ਦੀ ਆਲੀਸ਼ਾਨ ਕੋਠੀ ਨੂੰ ਜਮੀਨਦੋਜ਼ ਕਰ ਦਿੱਤਾ। ਇਹ ਕਾਰਵਾਈ ਐੱਸਐੱਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਵੱਡੀ ਪੁਲਿਸ ਫੋਰਸ ਦੀ ਮੌਜੂਦਗੀ ’ਚ ਹੋਈ।
ਪੁਲਿਸ ਨੇ ਦੱਸਿਆ ਕਿ 15 ਤੋਂ ਵੱਧ ਸੰਗੀਨ ਮੁਕੱਦਮਿਆਂ ਵਿੱਚ ਫਸੇ ਇਸ ਜੋੜੇ ਦੀ ਕੋਠੀ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੀ। ਕਾਰਵਾਈ ਦੌਰਾਨ ਪਰਿਵਾਰਕ ਮੈਂਬਰ ਪੁਲਿਸ ਦੇ ਆਉਂਦੇ ਹੀ ਘਰ ਛੱਡ ਕੇ ਬਾਹਰ ਆ ਗਏ। ਇਸ ਤੋਂ ਬਾਅਦ ਘਰ ਦੇ ਅੰਦਰ ਪਿਆ ਮਹਿੰਗਾ ਫਰਨੀਚਰ, ਕਰੌਕਰੀ ਅਤੇ ਹੋਰ ਆਰਾਮ ਦੀਆਂ ਚੀਜ਼ਾਂ ਬਾਹਰ ਕੱਢੀਆਂ ਗਈਆਂ।
ਨਸ਼ੇ ਖਿਲਾਫ ਮੁਹਿੰਮ ਤਹਿਤ ਪੁਲਿਸ ਨੇ ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਇਸ ਕੋਠੀ ਨੂੰ ਢਾਹ ਦਿੱਤਾ। ਐੱਸਐੱਸਪੀ ਡਾ. ਗੁਪਤਾ ਨੇ ਕਿਹਾ, “ਨਸ਼ਾ ਮਾਫੀਆ ਦੀ ਜਾਇਦਾਦਾਂ ’ਤੇ ਸਖਤ ਕਾਰਵਾਈ ਜਾਰੀ ਰਹੇਗੀ।”
ਇਸ ਕਾਰਵਾਈ ਨੂੰ ਵੇਖਣ ਲਈ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਰਾਹਣਾ ਕੀਤੀ ਤੇ ਕਿਹਾ ਕਿ ਇਸ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਪਸਤ ਹੋਣਗੇ।












