ਚੰਡੀਗੜ੍ਹ, 3 ਜੁਲਾਈ,ਬੋਲੇ ਪੰਜਾਬ ਬਿਉਰੋ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅੱਜ 3 ਜੁਲਾਈ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨ ਜਾ ਰਹੀ ਹੈ। ਇਹ ਵਿਸਥਾਰ ਦੁਪਹਿਰ 1 ਵਜੇ ਰਾਜ ਭਵਨ ’ਚ ਹੋਵੇਗਾ। ਇਸ ਦੌਰਾਨ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਵਿੱਚ ਇਸ ਵਾਰੀ ਸਿਰਫ਼ ਇਕ ਨਵਾਂ ਚਿਹਰਾ ਸ਼ਾਮਲ ਹੋਵੇਗਾ ਜੋ ਅਹੁਦੇ ਦੀ ਸਹੁੰ ਚੁੱਕੇਗਾ। ਇਸ ਤਰ੍ਹਾਂ, ਕੈਬਨਿਟ ਦੇ ਮੈਂਬਰਾਂ ਦੀ ਗਿਣਤੀ ਹੁਣ ਮੁੱਖ ਮੰਤਰੀ ਸਮੇਤ 18 ਤੱਕ ਪਹੁੰਚ ਰਹੀ ਹੈ।
ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦੇ ਨਾਲ ਉਨ੍ਹਾਂ ਨੂੰ ਹਾਊਸਿੰਗ ਵਿਭਾਗ ਜਾਂ ਉਦਯੋਗ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਦਰਅਸਲ, ਚੋਣਾਂ ਤੋਂ ਪਹਿਲਾਂ ਹੀ ਇਹ ਫੈਸਲਾ ਲਗਭਗ ਹੋ ਗਿਆ ਸੀ ਕਿ ਜੇਕਰ ਅਰੋੜਾ ਵਿਧਾਇਕ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ। ਇਹ ਐਲਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਚੋਣ ਪ੍ਰਚਾਰ ਦੌਰਾਨ ਕੀਤਾ ਗਿਆ ਸੀ।












