ਕਪੂਰਥਲਾ, 3 ਜੁਲਾਈ,ਬੋਲੇ ਪੰਜਾਬ ਬਿਉਰੋ;
ਕਰਤਾਰਪੁਰ ਸਿਵਲ ਹਸਪਤਾਲ ‘ਚ ਬੀਤੇ ਦਿਨੀ ਇੱਕ ਵਿਅਕਤੀ ਨੇ ਦੋ ਔਰਤਾਂ ‘ਤੇ ਜਨਤਕ ਤੌਰ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਆਪਣੀ ਸੱਸ ਅਤੇ ਪਤਨੀ ‘ਤੇ ਗੋਲੀਆਂ ਚਲਾਈਆਂ ਸਨ। ਉਕਤ ਵਿਅਕਤੀ ਨੇ ਬੁੱਧਵਾਰ ਨੂੰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਗੋਲੀਆਂ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਉਰਫ ਸੁੱਖਾ (48), ਵਾਸੀ ਇੰਦਰਾ ਵਿਹਾਰ ਕਲੋਨੀ, ਕਪੂਰਥਲਾ ਵਜੋਂ ਹੋਈ ਹੈ।
ਸੁਖਚੈਨ ਸਿੰਘ ਵਿਰੁੱਧ ਕਰਤਾਰਪੁਰ ਪੁਲਿਸ ਸਟੇਸ਼ਨ ਵਿੱਚ ਧਾਰਾ 307 ਤਹਿਤ ਮਾਮਲਾ ਦਰਜ ਹੈ। ਪੁਲਿਸ ਉਸਦੀ ਭਾਲ ਕਰ ਰਹੀ ਸੀ। ਡੀਐਸਪੀ ਸਬ-ਡਵੀਜ਼ਨ ਕਪੂਰਥਲਾ ਦੀਪਕਰਨ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।












