ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲਿਆ ਉਤਸ਼ਾਹ ਨਾਲ ਭਾਗ
ਰਾਜਪੁਰਾ, 5 ਜੁਲਾਈ ,ਬੋਲੇ ਪੰਜਾਬ ਬਿਊਰੋ;
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਬੈਗ ਲੈੱਸ ਦਿਨ ਦੌਰਾਨ ਯੋਗ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਅਤੇ ਸਕੂਲ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।
ਇਸ ਮੌਕੇ ਰਾਜਪੁਰਾ ਤੋਂ ਸਟੇਟ ਅਵਾਰਡੀ ਯੋਗ ਗੁਰੂ ਭੈਣ ਪ੍ਰਵੀਨ ਲੁਥਰਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣ ਕਰਨ ਦੀ ਵਿਧੀ ਸੰਬੰਧੀ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਯੋਗ ਕਰਕੇ ਵਿਦਿਆਰਥੀ ਆਪਣੇ ਮਨ ਅਤੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਨ ਅਤੇ ਪੜ੍ਹਾਈ ਦੇ ਮਾਨਸਿਕ ਦਬਾਅ ਤੋਂ ਵੀ ਆਰਾਮ ਪਾ ਸਕਦੇ ਹਨ।
ਸਮਾਗਮ ਦੌਰਾਨ ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਯੋਗ ਦੇ ਅਰਥ, ਇਤਿਹਾਸ ਅਤੇ ਆਧੁਨਿਕ ਜੀਵਨ ਵਿੱਚ ਇਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਯੋਗ ਨੂੰ ਸੰਸਕਾਰਾਂ ਅਤੇ ਆਤਮ-ਨਿਰਭਰਤਾ ਨਾਲ ਜੋੜਦੇ ਹੋਏ ਅੱਜ ਦੀ ਪੀੜ੍ਹੀ ਲਈ ਇਹਨੂੰ ਇੱਕ ਜ਼ਰੂਰੀ ਦਿਨਚਰਿਆ ਵਜੋਂ ਦਰਸਾਇਆ। ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਯੋਗ ਦੀ ਵਿਧੀ ਨੂੰ ਧਿਆਨ ਨਾਲ ਸਿੱਖਦੇ ਹੋਏ ਆਪਣੀ ਤੰਦਰੁਸਤੀ ਵੱਲ ਇਕ ਨਵਾਂ ਕਦਮ ਚੁੱਕਿਆ।

ਸਕੂਲ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਨੇ ਸਮਾਗਮ ਵਿੱਚ ਪਹੁੰਚੇ ਯੋਗ ਗੁਰੂ ਪ੍ਰਵੀਨ ਲੁਥਰਾ, ਨੀਲਮ ਚੌਧਰੀ ਅਤੇ ਸਹਿਯੋਗੀ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤਿਵਿਧੀਆਂ ਵਿੱਚ ਨਿਰੰਤਰ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਯੋਗ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਵਿੱਚ ਸਕੂਲ ਦੀ ਸਾਬਕਾ ਖੇਡ ਅਧਿਆਪਕਾ ਨੀਲਮ ਚੌਧਰੀ, ਯੋਗ ਗੁਰੂ ਸਹਿਯੋਗੀ ਸੰਗੀਤਾ, ਡੀ.ਪੀ.ਈ ਗੁਲਜਾਰ ਖਾਂ ਨੇ ਖਾਸ ਯੋਗਦਾਨ ਪਾਇਆ। ਇਸਦੇ ਨਾਲ-ਨਾਲ ਸਕੂਲ ਦੇ ਰਾਣੀ ਲਕਸ਼ਮੀ ਬਾਈ ਹਾਊਸ ਦੇ ਇੰਚਾਰਜ ਮੀਨਾ ਰਾਣੀ, ਹਰਜੀਤ ਕੌਰ, ਰੋਜ਼ੀ, ਸੁਨੀਤਾ ਰਾਣੀ, ਕਿੰਪੀ ਬਤਰਾ, ਅਲਕਾ ਗੌਤਮ, ਜਸਵਿੰਦਰ ਕੌਰ, ਮੀਨੂੰ ਅਗਰਵਾਲ, ਨਰੇਸ਼ ਧਮੀਜਾ, ਗੁਲਜ਼ਾਰ ਖਾਂ, ਮਨਪ੍ਰੀਤ ਸਿੰਘ, ਕਰਮਦੀਪ ਕੌਰ, ਤਲਵਿੰਦਰ ਕੌਰ, ਪੂਨਮ ਨਾਗਪਾਲ, ਸੁਖਵਿੰਦਰ ਕੌਰ, ਸੁਨੀਤਾ ਰਾਣੀ, ਸੋਨੀਆ ਰਾਣੀ, ਅਮਨਦੀਪ ਕੌਰ, ਗੁਰਜੀਤ ਕੌਰ, ਅਮਿਤਾ ਤਨੇਜਾ, ਮਨਿੰਦਰ ਕੌਰ, ਰਵੀ ਕੁਮਾਰ, ਅੰਜੂ ਅਤੇ ਹੋਰ ਮੌਜੂਦ ਸਨ।












