ਫਿਰੋਜ਼ਪੁਰ, 10 ਜੁਲਾਈ,ਬੋਲੇ ਪੰਜਾਬ ਬਿਊਰੋ;
ਸਰਕਾਰੀ ਮਿਡਲ ਸਕੂਲ ਲੋਹੁਕੇ ਖੁਰਦ ’ਚ ਚੋਰੀ ਦੀ ਇੱਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕੁਝ ਚੋਰ ਰਾਤ ਦੇ ਵੇਲੇ ਸਕੂਲ ਦੀ ਇਮਾਰਤ ’ਚ ਦਾਖਲ ਹੋ ਕੇ ਕੀਮਤੀ ਸਮਾਨ ਲੈ ਗਏ।
ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਅਨੁਸਾਰ, ਬੀਤੇ ਦਿਨੀ ਰਾਤ ਤਕਰੀਬਨ 1:45 ਵਜੇ, ਚੋਰ ਸਕੂਲ ਦੇ ਦਫਤਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤੇ ਉਥੋਂ ਇਕ ਐੱਲਸੀਡੀ, ਏਅਰ ਕੰਡੀਸ਼ਨਰ, ਪ੍ਰਿੰਟਰ, ਯੂਪੀਐੱਸ ਸਮੇਤ ਕੁੱਲ ਲਗਭਗ 70 ਹਜ਼ਾਰ ਰੁਪਏ ਦੀਆਂ ਵਸਤੂਆਂ ਚੋਰੀ ਕਰ ਲੈ ਗਏ।
ਸੁਖਪਾਲ ਸਿੰਘ ਮੁਤਾਬਕ, ਚੋਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 331(4) ਅਤੇ 305 ਬੀਐੱਨਐੱਸ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।












