ਇਸ ਘਿਰਾਉ ਵਿਚ ਪੀੜਤ ਪਰਿਵਾਰ ਅਤੇ ਸਮੂਹ ਸਮਾਜਿਕ, ਧਾਰਮਿਕ ਤੇਰਾਜਨੀਤਿਕ ਜਥੇਬੰਦੀਆਂ ਹੋਣਗੀਆਂ ਇਕੱਠੀਆਂ
ਪਿੰਡ ਸੰਗੋਧ ਦੇ ਬਾਲਮੀਕੀ ਪਰਿਵਾਰ ਦੀ ਰਾਜਪੂਤਾਂ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਜਾਤੀ ਸੂਚਕ ਸ਼ਬਦ ਬੋਲਣ ਤੇ ਪਰਚਾ ਦਰਜ ਕਰਨ ਦੀ ਕੀਤੀ ਸੀ ਮੰਗ
ਥਾਣਾ ਡੇਰਾ ਬੱਸੀ ਦੇ ਪੀੜਤ ਪਰਿਵਾਰਾਂ ਨੂੰ ਇਸ ਘਿਰਾਓ ਵਿੱਚ ਦਸਤਾਵੇਜ਼ ਲੈਕੇ ਸ਼ਾਮਿਲ ਹੋਣ ਲਈ ਬਲਵਿੰਦਰ ਕੁੰਭੜਾ ਨੇ ਕੀਤੀ ਅਪੀਲ
ਮੋਹਾਲੀ, 11 ਜੁਲਾਈ ,ਬੋਲੇ ਪੰਜਾਬ ਬਿਊਰੋ:
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿਛਲੇ ਦਿਨੀ ਮਿਤੀ 2 ਜੁਲਾਈ 2025 ਨੂੰ ਪਿੰਡ ਸੰਗੋਧ ਦੇ ਵਾਲਮੀਕੀ ਪਰਿਵਾਰ ਦੇ ਹਰਮੀਤ ਸਿੰਘ ਅਤੇ ਉਨਾਂ ਦੀ ਪਤਨੀ ਮੋਨਿਕਾ ਨੂੰ ਪਿੰਡ ਦੇ ਰਾਜਪੂਤਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਜਿਸ ਵਿੱਚ ਪ੍ਰੈਸ ਸਾਹਮਣੇ ਸਾਰੇ ਸਬੂਤ ਦਿਖਾਉਂਦੇ ਹੋਏ ਪਰਿਵਾਰ ਨੇ ਆਗੂਆਂ ਦੀ ਹਾਜ਼ਰੀ ਵਿੱਚ ਪ੍ਰੈੱਸ ਸਾਹਮਣੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਹੱਡਬੀਤੀ ਸੁਣਾਈ। ਉਸ ਮੌਕੇ ਪ੍ਰਧਾਨ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸਮੂਹ ਆਗੂ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਮੋਹਾਲੀ, ਐਸਐਸਪੀ ਮੋਹਾਲੀ ਅਤੇ ਐਸ.ਐਚ.ਓ. ਥਾਣਾ ਡੇਰਾਬੱਸੀ ਤੋਂ ਇਹਨਾਂ ਬਾਲਮੀਕੀ ਪਰਿਵਾਰਾਂ ਨਾਲ ਹੋਈ ਧੱਕੇਸ਼ਾਹੀ ਤੇ ਕਾਰਵਾਈ ਕਰਦਿਆਂ ਦੋਸ਼ੀਆਂ ਤੇ ਮਾਰਕੁਟਾਈ ਕਰਨ ਅਤੇ ਜਾਤੀ ਸੂਚਿਕ ਸ਼ਬਦ ਬੋਲਣ ਤੇ ਐਸਸੀ ਐਸਟੀ ਐਕਟ ਲਗਾ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਇਹ ਮਾਰ ਕੁਟਾਈ ਦੀ ਘਟਨਾ ਨੂੰ ਕਰੀਬ ਡੇਢ ਮਹੀਨਾ ਬੀਤ ਚੁੱਕਾ ਹੈ। ਮੋਰਚਾ ਆਗੂਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਥਾਣਾ ਡੇਰਾ ਬੱਸੀ ਦਾ ਘਿਰਾਓ ਕੀਤਾ ਜਾਵੇਗਾ। ਹੁਣ ਇਸ ਐਲਾਨ ਕੀਤਿਆਂ ਨੂੰ ਵੀ 10 ਦਿਨ ਬੀਤ ਚੁੱਕੇ ਹਨ। ਪਰ ਐਸਐਚਓ ਥਾਣਾ ਡੇਰਾ ਬੱਸੀ ਅਤੇ ਪੁਲਿਸ ਪ੍ਰਸ਼ਾਸ਼ਨ ਮੋਹਾਲੀ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ।
ਅੱਜ ਪ੍ਰੈੱਸ ਸਾਹਮਣੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਸਮੂਹ ਆਗੂ ਸਾਹਿਬਾਨਾਂ ਅਤੇ ਪੀੜਿਤ ਪਰਿਵਾਰ ਨੇ ਇਹ ਐਲਾਨ ਕੀਤਾ ਕਿ ਮਿਤੀ 15 ਜੁਲਾਈ 2025 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਥਾਣਾ ਡੇਰਾ ਬੱਸੀ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਐਸ.ਐਚ.ਓ. ਥਾਣਾ ਡੇਰਾ ਬੱਸੀ ਅਤੇ ਮੋਹਾਲੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਸ. ਕੁੰਭੜਾ ਨੇ ਡੇਰਾਬੱਸੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਨਾਲ ਥਾਣਾ ਡੇਰਾਬੱਸੀ ਨੇ ਕੋਈ ਧੱਕੇਸ਼ਾਹੀ ਕੀਤੀ ਹੈ, ਉਹ ਆਪਣੀਆਂ ਸਾਰੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਅਤੇ ਦਸਤਾਵੇਜ ਲੈਕੇ ਇਸ ਘਿਰਾਓ ਵਿੱਚ ਸਮੇਂ ਸਿਰ ਪਹੁੰਚੋ।
ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਅਜੈਬ ਸਿੰਘ ਬਠੋਈ, ਮਨਜੀਤ ਸਿੰਘ ਮੇਵਾ, ਹਰਵਿੰਦਰ ਕੋਹਲੀ, ਕੁਲਦੀਪ ਸਿੰਘ ਬਠੋਈ, ਸੁਰਿੰਦਰ ਕੌਰ, ਕਾਕਾ ਸਿੰਘ, ਵਿੰਦਰ ਸਿੰਘ, ਰਿੰਕੂ ਚੌਹਾਨ ਆਦਿ ਹਾਜ਼ਰ ਹੋਏ।












