ਅਧਿਆਪਕ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਨੁਕਸਾਨ ਬਾਰੇ ਜਾਣੂ ਕਰਵਾਉਣ ਲਈ ਵਚਨਬੱਧ: ਹਰਪ੍ਰੀਤ ਸਿੰਘ
ਰਾਜਪੁਰਾ, 17 ਜੁਲਾਈ ,ਬੋਲੇ ਪੰਜਾਬ ਬਿਊਰੋ;
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾਇਟ ਨਾਭਾ ਦੀ ਅਗਵਾਈ ਹੇਠ ਰਾਜਪੁਰਾ-2 ਬਲਾਕ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਦੋ ਰੋਜ਼ਾ ਸਿਖਲਾਈ ਸੈਮੀਨਾਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਫਲਤਾਪੂਰਕ ਆਯੋਜਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਬਲਾਕ ਨੋਡਲ ਅਫਸਰ ਅਤੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਨੇ ਨਸ਼ਿਆਂ ਵਿਰੁੱਧ ਯੁੱਧ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਮਹੱਤਵਪੂਰਣ ਦੱਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਕੁਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਦੀ ਦਿਸ਼ਾ ਦਿਖਾਈ ਜਾ ਸਕਦੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਭਵਿੱਖ ਨੂੰ ਨਸ਼ਿਆਂ ਤੋਂ ਬਚਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਅਪੀਲ ਕੀਤੀ।

ਸੈਮੀਨਾਰ ਦੌਰਾਨ ਰਾਜਿੰਦਰ ਸਿੰਘ ਚਾਨੀ ਸਸ ਮਾਸਟਰ ਨੇ ਰਿਪੋਰਟ ਪੇਸ਼ ਕੀਤੀ। ਬਲਾਕ ਰਿਸੋਰਸ ਕੋਆਰਡੀਨੇਟਰ ਜਤਿੰਦਰ ਸਿੰਘ ਅਤੇ ਅਨੁਪਮ ਵੱਲੋਂ ਅਧਿਆਪਕਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਸਮਾਪਨ ਸਮਾਰੋਹ ਦੌਰਾਨ ਹਰਪ੍ਰੀਤ ਸਿੰਘ ਵੱਲੋਂ ਸੈਮੀਨਾਰ ਵਿੱਚ ਭਾਗ ਲੈਣ ਆਏ ਸਮੂਹ ਅਧਿਆਪਕਾਂ ਨੂੰ ਪ੍ਰਮਾਣ-ਪੱਤਰ ਵੀ ਵੰਡੇ ਗਏ।
ਸਕੂਲ ਦੀ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਨੇ ਸੈਮੀਨਾਰ ਦੌਰਾਨ ਅਨੁਸ਼ਾਸ਼ਨ ਬਣਾਈ ਰੱਖਣ ਅਤੇ ਸਹਿਯੋਗ ਦੇਣ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੀਨਾ ਰਾਣੀ, ਨਰੇਸ਼ ਧਮੀਜਾ ਸਮੇਤ ਕਈ ਹੋਰ ਅਧਿਆਪਕ ਵੀ ਮੌਜੂਦ ਰਹੇ।












