ਡਾਇਰੈਕਟਰ ਸਾਹਿਬ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਏਡੀਸੀ (ਡੀ) ਪਟਿਆਲਾ ਨੂੰ ਹਦਾਇਤਾਂ ਕੀਤੀਆਂ: ਬਲਵਿੰਦਰ ਕੁੰਭੜਾ
ਮੋਹਾਲੀ, 23 ਜੁਲਾਈ ,ਬੋਲੇ ਪੰਜਾਬ ਬਿਊਰੋ:
ਪਿਛਲੇ ਦਿਨੀ ਪਿੰਡ ਬਠੋਈ ਕਲਾਂ ਜ਼ਿਲਾ ਪਟਿਆਲਾ ਦੇ ਐਸ ਸੀ ਪਰਿਵਾਰਾਂ ਤੇ ਹੋਏ ਅੱਤਿਆਚਾਰ ਦੇ ਇਨਸਾਫ ਲਈ ਅਤੇ ਸੰਵਿਧਾਨਿਕ ਹੱਕ ਪਿੰਡ ਦੀ ਸ਼ਾਮਲਾਟ 600 ਏਕੜ ਪੰਚਾਇਤੀ ਜਮੀਨ ਵਿੱਚੋਂ 1/3 ਹਿੱਸਾ ਲੈਣ ਲਈ, ਜੋ 200 ਏਕੜ ਬਣਦਾ ਹੈ। ਉਸ ਵਿੱਚੋਂ ਹਾਲੇ 98 ਏਕੜ ਦੀ ਹੀ ਐਸ ਸੀ ਲੋਕਾਂ ਨੇ ਬੋਲੀ ਦੇਕੇ ਲਗਭਗ 11 ਲੱਖ ਰੁਪਏ ਪੰਚਾਇਤੀ ਫੰਡ ਵਿੱਚ ਬੀਡੀਪੀਓ ਕੋਲ ਜਮਾ ਕਰਵਾ ਦਿੱਤੇ ਸਨ। ਜਿਸ ਦੀਆਂ ਰਸੀਦਾਂ ਵੀ ਹਾਸਲ ਕਰ ਲਈਆਂ ਸਨ। ਪਰ ਪਿੰਡ ਤੇ ਧਨਾਢ ਲੋਕਾਂ ਨੇ ਬੋਲੀਕਾਰਾਂ ਤੇ ਬੀਡੀਪੀਓ ਦਫਤਰ ਵਿੱਚ ਹੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੁੰਡਾਗਰਦੀ ਕਰਦੇ ਹੋਏ ਹਮਲਾ ਕਰ ਦਿੱਤਾ ਤੇ ਬਹੁਤ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ। ਜਿਸ ਦੇ ਸਬੰਧ ਵਿੱਚ ਇੱਕ ਐਫਆਈਆਰ ਵੀ ਦਰਜ ਹੋ ਚੁੱਕੀ ਹੈ। ਇਸੇ ਸਬੰਧ ਵਿੱਚ ਪਿਛਲੇ ਇੱਕ ਮਹੀਨੇ ਤੋਂ ਪਿੰਡ ਬਠੋਈ ਕਲਾਂ ਦੀ ਧਰਮਸ਼ਾਲਾ ਵਿੱਚ ਐਸ ਸੀ ਸਮਾਜ ਦੇ ਲੋਕਾਂ ਨੇ ਨਿਰੰਤਰ ਧਰਨਾ ਲਗਾਇਆ ਹੋਇਆ ਹੈ। ਕੱਲ ਮਿਤੀ 24 ਜੁਲਾਈ ਨੂੰ ਪਿੰਡ ਵਿੱਚ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ ਹੈ। ਜਿਸ ਵਿੱਚ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
ਇਸੇ ਮਾਮਲੇ ਨੂੰ ਲੈ ਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਇੱਕ ਵਫਦ, ਜਿਸ ਵਿੱਚ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਇਕਬਾਲ ਸਿੰਘ, ਕਰਮਜੀਤ ਸਿੰਘ ਅਤੇ ਹਰਵਿੰਦਰ ਕੋਹਲੀ ਮਾਨਯੋਗ ਡਾਇਰੈਕਟਰ ਪੰਚਾਇਤ ਸ਼੍ਰੀ ਉਮਾ ਸ਼ੰਕਰ ਗੁਪਤਾ ਜੀ ਨੂੰ ਮਿਲਿਆ ਤੇ ਸਾਰੀ ਜਾਣਕਾਰੀ ਦਿੰਦੇ ਹੋਏ ਇੱਕ ਲਿਖਤੀ ਦਰਖਾਸਤ ਵੀ ਦਿੱਤੀ। ਡਾਇਰੈਕਟਰ ਸਾਹਿਬ ਨੇ ਸਾਰੀ ਗੱਲ ਗੰਭੀਰਤਾ ਨਾਲ ਸੁਣਦੇ ਹੋਏ ਏਡੀਸੀ (ਡੀ) ਜ਼ਿਲਾ ਪਟਿਆਲਾ ਦੀ ਡਿਊਟੀ ਲਗਾਉਂਦੇ ਹੋਏ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਤੇ ਵਫਦ ਨੂੰ ਭਰੋਸਾ ਦਿੱਤਾ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣ ਦੀ ਪੂਰੀ ਉਮੀਦ ਹੈ। ਸਾਡੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਤੇ ਡਾਇਰੈਕਟਰ ਸਾਹਿਬ ਨੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਰਦਾਰ ਕੁੰਭੜਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਬੜਾ ਦੁੱਖ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਡਿਊਟੀ ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜੀ ਦੀ ਹੈ। ਪਰ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਪੂਰੇ ਸਮਾਜ ਨੂੰ ਅਣਗੌਲਿਆ ਕਰ ਰਹੇ ਹਨ। ਉਨਾਂ ਦੀ ਇੱਕ ਹਦਾਇਤ ਤੇ ਇਸ ਮਾਮਲੇ ਦਾ ਤੁਰੰਤ ਹੱਲ ਹੋ ਸਕਦਾ ਸੀ। ਪਰ ਉਹਨਾਂ ਨੇ ਸਮਾਜ ਪ੍ਰਤੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਐਸਸੀ ਬੀਸੀ ਮੋਰਚਾ ਆਪਣੀ ਡਿਊਟੀ ਬਾਖੂਬ ਨਿਭਾਏਗਾ ਤੇ ਸਮਾਜ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪਹਿਲਾਂ ਵੀ ਆਵਾਜ਼ ਉਠਾਉਂਦਾ ਰਿਹਾ ਹੈ ਤੇ ਅੱਗੇ ਵੀ ਆਵਾਜ਼ ਉਠਾਉਂਦਾ ਰਹੇਗਾ।












