ਮੋਗਾ, 25 ਜੁਲਾਈ,ਬੋਲੇ ਪੰਜਾਬ ਬਿਊਰੋ;
ਮੋਗਾ ਵਿੱਚ ਬੰਬੀਹਾ ਗੈਂਗ ਨਾਲ ਜੁੜੇ ਇੱਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਵੱਡੀ ਕਾਰਵਾਈ ਕਰਦਿਆਂ, ਮੋਗਾ ਸੀਆਈਏ ਸਟਾਫ ਨੇ ਬੰਬੀਹਾ ਗੈਂਗ ਦੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ਼ ਆਕਾਸ਼ ਵਜੋਂ ਹੋਈ ਹੈ, ਜੋ ਕਿ ਪਿੰਡ ਅਜੀਤਵਾਲ ਦਾ ਰਹਿਣ ਵਾਲਾ ਹੈ। ਮੁਲਜ਼ਮ ਦੇ ਕਬਜ਼ੇ ਵਿੱਚੋਂ 32 ਬੋਰ ਦੇ 4 ਦੇਸੀ ਪਿਸਤੌਲ, ਮੈਗਜ਼ੀਨ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਮੁਲਜ਼ਮ ਖ਼ਿਲਾਫ਼ ਥਾਣਾ ਅਜੀਤਵਾਲ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਵਿੱਚ ਅਕਾਸ਼ਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਹਥਿਆਰ ਉਸ ਨੂੰ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਧਰਮਿੰਦਰ ਸਿੰਘ ਉਰਫ਼ ਬਾਜੀ, ਵਾਸੀ ਦੋਸਾਂਝ, ਜ਼ਿਲ੍ਹਾ ਮੋਗਾ, ਨੇ ਮੁਹੱਈਆ ਕਰਵਾਏ ਸਨ, ਜੋ ਕਿ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਧਰਮਿੰਦਰ ਸਿੰਘ ਨੂੰ ਵੀ ਨਾਮਜ਼ਦ ਮੁਲਜ਼ਮ ਬਣਾਇਆ ਗਿਆ ਹੈ।












