ਸ਼ਹੀਦ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਸ਼ਹੀਦ ਨੂੰ ਦਿੱਤੀ ਗਈ ਸ਼ਰਧਾਂਜਲੀ
ਗੁਰਦਾਸਪੁਰ, 31 ਜੁਲਾਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ;
ਅੱਜ ਧਰਮ ਨਿਰਪੱਖਤਾ ਦੇ ਪ੍ਰਤੀਕ ਅਤੇ ਸਾਮਰਾਜੀ ਨੀਤੀਆਂ ਖ਼ਿਲਾਫ਼ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਨਤਕ ਜਥੇਬੰਦੀਆਂ ਵੱਲੋਂ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਹਾਜ਼ਿਰ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਦੱਸਿਆ ਕਿ ਗ਼ਦਰ ਪਾਰਟੀ ਦਾ ਸਰਗਰਮ ਕਾਰਕੁਨ, ਅਤੇ ਜ਼ੱਲਿਆਂ ਵਾਲੇ ਬਾਗ਼ ਦੇ ਸਾਕੇ ਦੇ ਮਾਈਕਲ ਉਡਵਾਇਰ ਦਾ ਕਤਲ ਕਰਕੇ 31 ਜੁਲਾਈ 1940 ਨੂੰ ਫਾਂਸੀ ਦੇ ਤਖ਼ਤੇ ਉੱਤੇ ਲਟਕ ਜਾਣ ਵਾਲੇ ਸ਼ਹੀਦ ਊਧਮ ਸਿੰਘ ਅੱਜ ਵੀ ਪ੍ਰਸੰਗਿਕ ਹਨ। ਸ਼ਹੀਦ ਊਧਮ ਸਿੰਘ ਵਲੋਂ ਰਾਮ ਮਹੁੰਮਦ ਸਿੰਘ ਆਜ਼ਾਦ ਨਾਮ ਹੇਠ ਲੰਡਨ ਵਿੱਚ ਕੈਕਸਟਨ ਹਾਲ ਵਿਖੇ ਸ਼ਰੇਆਮ ਗੋਲੀਆਂ ਚਲਾ ਕੇ ਬਦਲਾ ਲਿਆ ਅਤੇ ਅੰਗਰੇਜ਼ੀ ਸਾਮਰਾਜ ਨੂੰ ਵਖਤ ਪਾ ਦਿੱਤਾ। ਆਗੂਆਂ ਨੇ ਸਮੂਹ ਜਨਤਕ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਅੰਗਰੇਜ਼ ਸਾਮਰਾਜ ਦੇ ਬਸਤੀਵਾਦੀ ਨੀਤੀਆਂ ਤੇ ਚਲਦਿਆਂ ਭਾਰਤੀ ਹਾਕਮਾਂ ਵੱਲੋਂ ਨਿੱਤ ਨਵੇਂ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਅੰਨੀ ਸੇਵਾ ਕਰਨ ਲਈ ਲੈਂਡ ਪੁਲਿੰਗ ਨੀਤੀ ਲਾਗੂ ਕਰਨਾ, ਤਿੰਨ ਕਿਰਤ ਕਾਨੂੰਨਾਂ ਨੂੰ ਲਾਗੂ ਕਰਨਾ, ਬੁਲਡੋਜ਼ਰਾਂ ਨਾਲ ਲੋਕਾਂ ਦੇ ਘਰਾਂ ਨੂੰ ਢਾਹੁਣਾ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਵਰਗ ਦਾ ਘਾਂਣ ਕਰਨਾ ਉਨ੍ਹਾਂ ਨੀਤੀਆਂ ਦੀ ਲਗਾਤਾਰਤਾ ਹੈ ਜੋ ਕਿ ਅੰਗਰੇਜ਼ ਸਾਮਰਾਜ ਛੱਡ ਕੇ ਗਿਆ ਸੀ।
ਹਾਜ਼ਿਰ ਕਾਰਕੁਨਾਂ ਵੱਲੋਂ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗਿਰਫਤਾਰ ਆਗੂਆਂ ਨੂੰ ਫੌਰੀ ਰਿਹਾਅ ਕਰਵਾਉਣ, ਲੈਂਡ ਪੂਲਿੰਗ ਨੀਤੀ ਖਿਲਾਫ, ਗ਼ਜ਼ਾ ਵਿਚ ਲੋਕਾਂ ਉਪਰ ਹੋ ਰਹੇ ਜ਼ੁਲਮ ਖਿਲਾਫ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ, ਸੁਖਵਿੰਦਰ ਪਾਲ ਪੰਨੂ, ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਸ਼ਰਮਾ, ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ, ਗੁਰਦਿਆਲ ਸਿੰਘ ਬਾਲਾਪਿੰਡੀ, ਡੀਟੀਐਫ ਦੇ ਜ਼ਿਲ੍ਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਮੈਡਮ ਬਲਵਿੰਦਰ ਕੌਰ, ਜਨਰਲ ਸਕੱਤਰ ਗੁਰਦਿਆਲ ਚੰਦ, ਜੋਗਿੰਦਰ ਪਾਲ ਘੁਰਾਲਾ, ਸੰਬੋਧਨ ਕੀਤਾ।












