ਮੁਹਾਲੀ 10 ਅਗਸਤ,ਬੋਲੇ ਪੰਜਾਬ ਬਿਊਰੋ;
“ਪਿਛਲੇ 70 ਸਾਲਾਂ ਤੋਂ ਰਵਾਇਤੀ ਸਿਆਸੀ ਪਾਰਟੀ ਦੀਆਂ ਸਰਕਾਰਾਂ ਨੂੰ ਦਰਕਿਨਾਰ ਕਰਕੇ ਬਦਲਾਓ ਦੇ ਨਾਮ ਤੇ ਨਵੀਂ ਪਾਰਟੀ “ਆਪ” ਨੂੰ ਅੱਡੀਆਂ ਚੁੱਕ-ਚੁੱਕਕੇ ਪਾਈਆਂ ਵੋਟਾਂ ਹੀ ਪੰਜਾਬੀਆਂ ਦੇ ਗਲ਼ ਦਾ ਫਾਹਾ ਬਣ ਗਈਆਂ ਹਨ, “ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਕੀਤਾ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਅਸਮਾਨ ਤੋਂ ਤਾਰੇ ਤੋੜਨ ਦੀਆਂ ਡੀਂਗਾਂ ਮਾਰਨ ਵਾਲੀ ਹਕੂਮਤ ਅੱਜ ਲੋਕਾਂ ਦੇ ਭਵਿੱਖ ਤੇ ਡਾਕਾ ਮਾਰਨ ਲਈ ਕਾਰਜਸ਼ੀਲ ਐ। ਸਮੁੱਚੇ ਰਾਜ ਦਾ ਆਲਮ ਇਹ ਹੈ ਕਿ ਟੁੱਟੀਆਂ ਸੜ੍ਹਕਾਂ, ਸੀਵਰੇਜ ਤੇ ਬਰਸਾਤੀ ਪਾਣੀ ਦੇ ਨਾਕਸ ਪ੍ਰਬੰਧ, ਸ਼ਹਿਰਾਂ ਵਿੱਚ ਸਫਾਈ ਵਿਵਸਥਾ, ਨਸ਼ੇ ਦੀ ਬੇਰੋਕ ਸਪਲਾਈ, ਝੂਠੇ ਪੁਲੀਸ ਮੁਕਾਬਲੇ, ਇਨਸਾਫ ਲਈ ਸਰਕਾਰੀ ਦਫ਼ਤਰਾਂ ਵਿੱਚ ਵਿਲਕਦੇ ਲੋਕ, ਚੋਰ-ਬਾਜਾਰੀ, ਚਰਮ ਸੀਮਾ ਤੇ ਭ੍ਰਿਸ਼ਟਾਚਾਰ, ਨਿੱਤ-ਦਿਨ ਫਿਰੌਤੀਆਂ, ਨਿਰਦੋਸ਼ਾਂ ਦੀ ਕਤਲੋਗਾਰਦ, ਭਲਾਈ ਸਕੀਮਾਂ ਦਾ ਭੋਗ, ਅਨੰਤ ਬੇਰੋਜਗਾਰੀ, ਸੱਚ ਨੂੰ ਫਾਂਸੀ ਅਤੇ ਸਰਕਾਰ ਵੱਲੋਂ ਹਰ ਵਰਗ ਦੀ ਘੁੱਟੀ ਜਾ ਰਹੀ ਘੰਡੀ ਕਾਰਨ ਸਮੂਹ ਪੰਜਾਬੀ ਅੱਜ ਤ੍ਰਾਹ-ਤ੍ਰਾਹ ਕਰ ਰਹੇ ਹਨ ਜਿਸਦੇ ਸਿੱਟੇ ਵੱਜੋਂ ਅੱਜ ਹਰ ਵਰਗ ਸੰਘਰਸ਼ ਲਈ ਸੜ੍ਹਕਾਂ ਉਤੇ ਹੈ ਪ੍ਰੰਤੂ ਹਕੂਮਤ ਲੋਕ-ਮੁੱਦਿਆਂ ਤੋਂ ਘੇਸਲ ਵੱਟਕੇ ਦਿੱਲੀ ਦੇ ਇਸ਼ਾਰੇ ਤੇ ਲੋਕਾਂ ਨੂੰ ਚੁਟਕਲੇ ਪਰੋਸਕੇ ਮੰਨੋਰੰਜਨ ਰਾਹੀਂ ਹੀ ਸਮਾਂ ਬਤੀਤ ਕਰਨ ਵਿੱਚ ਲੱਗੀ ਹੋਈ ਹੈ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਮੰਗ ਕੀਤੀ ਕਿ ਸਰਕਾਰ ਦਿੱਲੀ ਦੀ ਗੁਲਾਮੀ ਦਾ ਤਿਆਗ ਕਰਕੇ ਪੰਜਾਬ ਪ੍ਰਤੀ ਸਮਰਪਿਤ ਹੋਵੇ ਤਾਂ ਜੋ ਪੰਜਾਬੀਆਂ ਪੱਲੇ ਪਈਆਂ ਅਣਕਿਆਸੀਆਂ ਪੀੜਾਂ ਨੂੰ ਸਮੇਟਿਆ ਜਾ ਸਕੇ।












