ਦੇਸ਼ ਦੇ ਸੰਵਿਧਾਨਕ ਲੋਕਤੰਤਰ ਨੂੰ ਖਤਮ ਕਰ ਰਹੀ ਮੋਦੀ ਸਰਕਾਰ ਅਤੇ ਪੰਜਾਬ ਦੀਆਂ ਜ਼ਮੀਨਾਂ ਹੜ੍ਹਪਣ ਦੀਆਂ ਸਾਜਿਸ਼ਾਂ ਰਚ ਰਹੀ ਮਾਨ ਸਰਕਾਰ ਖ਼ਿਲਾਫ਼ ਖੱਬੇਪੱਖੀਆਂ ਵਲੋਂ ਰੋਸ ਮੁਜਾਹਰਾ
ਮਾਨਸਾ, 10 ਅਗਸਤ ,ਬੋਲੇ ਪੰਜਾਬ ਬਿਊਰੋ;
ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਅੱਜ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਇਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ਬਲਵਿੰਦਰ ਕੌਰ ਖਾਰਾ, ਮਾਸਟਰ ਛੱਜੂ ਰਾਮ ਰਿਸ਼ੀ, ਕਾਮਰੇਡ ਰਤਨ ਭੋਲਾ ਤੇ ਜਗਮੇਲ ਸਿੰਘ ਨੇ ਕੀਤੀ।
ਕਨਵੈਨਸ਼ਨ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਵਲੋਂ ਕੇਂਦਰੀ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਇਨਕਲਾਬੀ ਕੇਂਦਰ ਪੰਜਾਬ ਪ੍ਰਧਾਨ ਕਾਮਰੇਡ ਮੁਖਤਿਆਰ ਸਿੰਘ ਪੂਹਲਾ ਅਤੇ ਆਰਐਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਮਹੀਪਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਫਾਸ਼ੀਵਾਦ ਕੀ ਹੈ ਅਤੇ ਸੰਘ-ਬੀਜੇਪੀ ਦੀ ਵਿਚਾਰਧਾਰਾ ਤੇ ਅਮਲ ਕਿਵੇਂ ਕਾਰਪੋਰੇਟ ਪ੍ਰਸਤ ਤੇ ਫਿਰਕੂ ਫਾਸ਼ੀਵਾਦੀ ਹਨ ਅਤੇ ਇੰਨਾਂ ਖਿਲਾਫ ਕਿਉਂ ਇਕ ਵਿਸ਼ਾਲ ਖੱਬਾ, ਜਮਹੂਰੀ ਤੇ ਧਰਮਨਿਰਪੱਖ ਮੁਹਾਜ਼ ਉਸਾਰਨ ਦੀ ਜ਼ਰੂਰਤ ਹੈ, ਇਸ ਦੀ ਵਿਆਖਿਆ ਕੀਤੀ। ਉਨ੍ਹਾਂ ਦਸਿਆ ਕਿ ਕਿਵੇਂ ਮੋਦੀ ਸਰਕਾਰ ਨਿਆਂ ਪਾਲਿਕਾ, ਚੋਣ ਕਮਿਸ਼ਨ, ਜਾਂਚ ਏਜੰਸੀਆਂ, ਸਮਾਜਿਕ ਧਾਰਮਿਕ ਤੇ ਇਤਿਹਾਸ ਵਰਗੇ ਖੇਤਰਾਂ ਦਾ ਅਪਣੇ ਫਿਰਕੂ ਮਨੋਰਥਾਂ ਲਈ ਦੁਰਵਰਤੋਂ ਕਰ ਰਹੀ ਹੈ ਅਤੇ ਪਹਿਲਗਾਮ ਕਤਲੇਆਮ ਤੇ ਪਾਕਿਸਤਾਨ ਨਾਲ ਹੋਈ ਸੀਮਤ ਝੜਪ ਬਾਰੇ ਮੋਦੀ ਸਰਕਾਰ ਜਨਤਾ ਤੋਂ ਸਚਾਈ ਨੂੰ ਛੁਪਾਉਣ ਲਈ ਕਿਵੇਂ ਹਰ ਹਰਬਾ ਵਰਤ ਰਹੀ ਹੈ। ਕਮਿਉਨਿਸਟ ਆਗੂਆਂ ਨੇ ਟਰੰਪ ਵਲੋਂ ਭਾਰਤ ਉਤੇ 50% ਮਨਾਮਾਨਾ ਟੈਰਿਫ ਥੋਪਣ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਦੇਸ਼ ਦੀ ਖੇਤੀ ਪੈਦਾਵਾਰ, ਸਹਾਇਕ ਧੰਦਿਆਂ ਤੇ ਛੋਟੀ ਸਨਅਤ ਤੇ ਪ੍ਰਚੂਨ ਖੇਤਰ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਇਸ ਸਾਮਰਾਜੀ ਧੱਕੇਸ਼ਾਹੀ ਖ਼ਿਲਾਫ਼ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਬੁਲਾਰਿਆਂ ਨੇ ਕੀਮਤੀ ਖਣਿਜ ਪਦਾਰਥ ਨਾਲ ਭਰਪੂਰ ਕੇਂਦਰੀ ਭਾਰਤ ਦੇ ਆਦਿਵਾਸੀ ਖੇਤਰ ਦੀ ਲੁੱਟ ਦਾ ਰਾਹ ਪੱਧਰਾ ਕਰਨ ਲਈ ਸਥਾਨਕ ਆਦੀਵਾਸੀਆਂ ਦੀ ਅਪਣੇ ਜਲ ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦੀ ਜਦੋਜਹਿਦ ਨੂੰ ਮਾਉਵਾਦੀਆਂ ਦੇ ਸਫਾਏ ਦੀ ਮੁਹਿੰਮ ਦੀ ਆੜ ਵਿੱਚ ਕੁਚਲਣ ਦੀ ਸਖ਼ਤ ਨਿੰਦਾ ਕੀਤੀ।

ਬੀਜੇਪੀ ਦੀ ਤਰਜ਼ ‘ਤੇ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ਨੂੰ ਪੁਲਿਸ ਸਟੇਟ ਵਿੱਚ ਬਦਲਣ, ਝੂਠੇ ਪੁਲਿਸ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ, ਹੱਕੀ ਜਨਤਕ ਸੰਘਰਸ਼ਾਂ ਉਤੇ ਜਬਰ ਤੇ ਆਗੂਆਂ ਉਤੇ ਝੂਠੇ ਕੇਸ ਮੜ੍ਹਨ ਨੂੰ ਬੁਲਾਰਿਆਂ ਨੇ ਗੈਰ ਜਮਹੂਰੀ ਤੇ ਘਾਤਕ ਰੁਝਾਨ ਕਰਾਰ ਦਿੱਤਾ।
ਕਨਵੈਨਸ਼ਨ ਨੇ ਸਾਥੀ ਗੁਰਨਾਮ ਸਿੰਘ ਭੀਖੀ ਵਲੋਂ ਪੇਸ਼ ਪੰਜ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇੰਨਾਂ ਮਤਿਆਂ ਵਿੱਚ ਅਮਰੀਕਾ ਦੀ ਸ਼ਹਿ ਨਾਲ ਇਜ਼ਰਾਈਲ ਦੀ ਯਹੂਦੀਵਾਦੀ ਹਕੂਮਤ ਵਲੋਂ ਖੁਰਾਕ ਦੀ ਸਪਲਾਈ ਰੋਕ ਕੇ ਅਤੇ ਲਗਾਤਾਰ ਬੰਬਾਰੀ, ਗੋਲੀਬਾਰੀ ਅਤੇ ਭੁੱਖਮਰੀ ਨਾਲ ਗਾਜ਼ਾ ਪੱਟੀ ਵਿੱਚ ਨਿਹੱਥੇ ਫ਼ਲਸਤੀਨੀਆਂ ਦੇ ਨਸਲਘਾਤ ਦੇ ਕਮੀਨੇ ਯਤਨਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਲਾਈਆਂ ਰੋਕਾਂ ਤੇ ਘੇਰਾਬੰਦੀ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ। ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਵਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਜਾਣੇ ਪਛਾਣੇ ਉੱਘੇ ਲੇਖਕਾਂ ਦੀਆਂ ਕਸ਼ਮੀਰ ਬਾਰੇ ਲਿਖੀਆਂ 25 ਕਿਤਾਬਾਂ ਉਤੇ ਪਾਬੰਦੀ ਲਾਉਣ ਦੀ ਨਿੰਦਾ ਕਰਦਿਆਂ ਇਹ ਬੇਤੁਕੀ ਪਾਬੰਦੀ ਰੱਦ ਕਰਨ ਦੀ ਮੰਗ ਕੀਤੀ, ਕਨਵੈਨਸ਼ਨ ਨੇ ਚੋਣ ਕਮਿਸ਼ਨ ਵਲੋਂ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਲਈ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਦੀ ਆੜ ਵਿੱਚ ਦਲਿਤ ਗਰੀਬਾਂ, ਮੁਸਲਿਮ ਤਬਕੇ ਅਤੇ ਦੇਸ਼ ਵਿਦੇਸ਼ ਵਿੱਚ ਰੁਜ਼ਗਾਰ ਲਈ ਗਏ ਹੋਏ ਮਜ਼ਦੂਰਾਂ ਦੀਆਂ 65 ਲੱਖ ਵੋਟ ਕੱਟਣ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ “ਵੋਟ ਮੋਦੀ ਸਰਕਾਰ” ਖਿਲਾਫ ਮੁਹਿੰਮ ਚਲਾਉਣ ਜ਼ਰੂਰਤ ਉਤੇ ਜ਼ੋਰ ਦਿੱਤਾ। ਪੰਜਾਬ ਦੀ ਮਾਨ ਸਰਕਾਰ ਵਲੋਂ ਸੂਬੇ ਦੀ ਉਪਜਾਊ ਜ਼ਮੀਨ ਮੁਫ਼ਤ ਵਿੱਚ ਵੱਡੇ ਬਿਲਡਰਾਂ ਦੇ ਹਵਾਲੇ ਕਰਨ ਦੀ ਅਖੌਤੀ ਲੈਂਡ ਪੁਲਿੰਗ ਸਕੀਮ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਵਲੋਂ ਮੁਬੰਈ ਦੇ ਇਕ ਕਾਲਜ ਵਿੱਚ ਰੱਖੇ ਗਏ ਫਾਦਰ ਸਟੇਨ ਸੁਆਮੀ ਦੀ ਯਾਦ ਵਿੱਚ ਰੱਖੇ ਯਾਦਗਾਰੀ ਲੈਕਚਰ ਉਤੇ ਪਾਬੰਦੀ ਲਾਉਣ ਦੀ ਸਖ਼ਤ ਨਿੰਦਾ ਕੀਤੀ।
ਮੰਚ ਸੰਚਾਲਨ ਕਾਮਰੇਡ ਜਸਬੀਰ ਕੌਰ ਨੱਤ ਤੇ ਕ੍ਰਿਸ਼ਨ ਚੌਹਾਨ ਵਲੋਂ ਕੀਤਾ ਗਿਆ ਅਤੇ ਲੋਕ ਗਾਇਕ ਅਜਮੇਰ ਅਕਲੀਆ ਨੇ ਅਪਣੇ ਇਨਕਲਾਬੀ ਗੀਤਾਂ ਰਾਹੀਂ ਮਾਹੌਲ ਨੂੰ ਗਰਮਾਇਆ। ਕਨਵੈਨਸ਼ਨ ਵਿੱਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਨਛੱਤਰ ਸਿੰਘ ਖੀਵਾ, ਲਾਲ ਚੰਦ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਦਲਜੀਤ ਸਿੰਘ ਮਾਨਸ਼ਾਹੀਆ, ਧਰਮਪਾਲ ਨੀਟਾ, ਬਲਵਿੰਦਰ ਘਰਾਂਗਣਾ, ਬਿੰਦਰ ਕੌਰ ਉੱਡਤ, ਆਤਮਾ ਰਾਮ ਸਰਦੂਲਗੜ੍ਹ, ਤਾਰਾ ਚੰਦ ਬਰੇਟਾ ਅਤੇ ਹੋਰ ਆਗੂ ਸ਼ਾਮਲ ਸਨ।
ਸਖ਼ਤ ਗਰਮੀ ਦੇ ਬਾਵਜੂਦ ਖੱਬੇਪੱਖੀ ਕਾਰਕੁਨਾਂ ਵਲੋਂ ਫਾਸ਼ੀਵਾਦੀ ਮੋਦੀ ਸਰਕਾਰ ਅਤੇ ਲੁਟੇਰੀ ਜ਼ਮੀਨ ਹੜ੍ਹਪੂ ਮਾਨ ਸਰਕਾਰ ਖ਼ਿਲਾਫ਼ ਨਾਅਰੇ ਲਾਉਂਦਿਆਂ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ।












