ਸ਼ੇਰਪੁਰ, 16 ਅਗਸਤ,ਬੋਲੇ ਪੰਜਾਬ ਬਿਊਰੋ;
ਸ਼ੇਰਪੁਰ-ਬਰਨਾਲਾ ਰੋਡ ‘ਤੇ ਖੇੜੀ ਕਲਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਠੁਲੀਵਾਲ ਦੇ ਵਸਨੀਕ ਤਾਰਾ ਸਿੰਘ (62) ਆਪਣੀ ਪਤਨੀ ਗੁਰਮੀਤ ਕੌਰ (60) ਅਤੇ ਪੋਤੇ ਅਰਸ਼ਵੀਰ ਸਿੰਘ (15) ਨਾਲ ਮੋਟਰਸਾਈਕਲ ‘ਤੇ ਸ਼ੇਰਪੁਰ ਕੰਮ-ਕਾਰ ਲਈ ਆਏ ਸਨ। ਵਾਪਸੀ ਦੌਰਾਨ ਸਵੇਰੇ ਲਗਭਗ 10:30 ਵਜੇ, ਪੈਟਰੋਲ ਭਰਵਾ ਕੇ ਸੜਕ ‘ਤੇ ਚੜ੍ਹਦੇ ਸਮੇਂ ਖੇੜੀ ਕਲਾ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨਾਲ ਟੱਕਰ ਹੋ ਗਈ।
ਹਾਦਸੇ ਵਿੱਚ ਤਾਰਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੁਰਮੀਤ ਕੌਰ ਅਤੇ ਅਰਸ਼ਵੀਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸ਼ੇਰਪੁਰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਫਿਰ ਹਾਲਤ ਨਾਜ਼ੁਕ ਹੋਣ ਕਾਰਨ ਪਟਿਆਲਾ ਰੈਫਰ ਕੀਤਾ ਗਿਆ। ਇੱਥੇ ਇਲਾਜ ਦੌਰਾਨ ਅਰਸ਼ਵੀਰ ਨੇ ਵੀ ਦਮ ਤੋੜ ਦਿੱਤਾ। ਗੁਰਮੀਤ ਕੌਰ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ ਹੈ, ਜਿੱਥੇ ਉਹਦੀ ਹਾਲਤ ਗੰਭੀਰ ਹੈ। ਪੁਲਿਸ ਨੇ ਕਾਰ ਚਾਲਕ ਸਿਮਰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰ ਕਬਜ਼ੇ ‘ਚ ਲੈ ਲਈ ਹੈ। ਲੋਕਾਂ ਨੇ ਸਰਕਾਰੀ ਐਂਬੂਲੈਂਸ ਦੇ ਦੇਰ ਨਾਲ ਪਹੁੰਚਣ ‘ਤੇ ਰੋਸ ਜ਼ਾਹਰ ਕੀਤਾ।












