ਰਾਜਪੁਰਾ, 18 ਅਗਸਤ,ਬੋਲੇ ਪੰਜਾਬ ਬਿਊਰੋ;
ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਵਿੱਚ ਪ੍ਰਿੰਸੀਪਲ ਪੂਨਮ ਕੁਮਾਰੀ ਦੀ ਅਗਵਾਈ ਹੇਠ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਚਲ ਰਹੇ ਇੰਡਕਸ਼ਨ ਪ੍ਰੋਗਰਾਮ ਤਹਿਤ ਅੱਜ ਇੱਕ ਵਿਸ਼ੇਸ਼ ਪ੍ਰੇਰਨਾਦਾਇਕ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉਦੇਸ਼ਾਂ ਦੀ ਪ੍ਰਾਪਤੀ, ਅਧਿਆਪਕਾਂ ਤੋਂ ਸਹੀ ਮਾਰਗਦਰਸ਼ਨ ਲੈਣ ਅਤੇ ਆਪਣੇ ਮਨੋਰਥਾਂ ਵੱਲ ਸਮਰਪਿਤ ਰਹਿਣ ਬਾਰੇ ਪ੍ਰੇਰਿਤ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਗੁਰਪਿਆਰ ਸਿੰਘ ਨੇ ਦੱਸਿਆ ਕਿ ਕਾਮਰਸ ਸੈਕਸ਼ਨ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਜਿੰਦਰ ਸਿੰਘ ਚਾਨੀ ਨੇ ਨਾ ਸਿਰਫ ਆਪਣੇ ਜੀਵਨ ਅਨੁਭਵ ਸਾਂਝੇ ਕੀਤੇ, ਸਗੋਂ ਗਾਈਡੈਂਸ ਅਤੇ ਕਾਊਂਸਲਿੰਗ ਦੀ ਮਹੱਤਤਾ ਤੇ ਵੀ ਰੌਸ਼ਨੀ ਪਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ, ਅਨੁਸ਼ਾਸਨ ਅਤੇ ਸਹੀ ਦਿਸ਼ਾ ਵਿੱਚ ਲਗਾਤਾਰ ਯਤਨ ਬਹੁਤ ਜ਼ਰੂਰੀ ਹਨ।
ਪ੍ਰਿੰਸੀਪਲ ਪੂਨਮ ਕੁਮਾਰੀ ਨੇ ਇਸ ਮੌਕੇ ਕਿਹਾ ਕਿ ਸਕੂਲ ਲਈ ਮਾਣ ਦੀ ਗੱਲ ਹੈ ਕਿ ਸਾਬਕਾ ਵਿਦਿਆਰਥੀ ਰਾਜਿੰਦਰ ਸਿੰਘ ਚਾਨੀ ਅੱਜ ਬੱਚਿਆਂ ਨੂੰ ਪ੍ਰੇਰਿਤ ਕਰਨ ਅਤੇ ਜੀਵਨ ਦੀ ਸੇਧ ਦੇਣ ਵਾਸਤੇ ਖ਼ਾਸ ਬੁਲਾਰੇ ਵਜੋਂ ਸਕੂਲ ਪਹੁੰਚੇ। ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਵਿਦਿਆਰਥੀ ਇਸ ਤਰ੍ਹਾਂ ਦੇ ਸੈਸ਼ਨਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਭਵਿੱਖ ਨੂੰ ਸੰਵਾਰਣਗੇ।
ਵਿਦਿਆਰਥੀਆਂ ਨੇ ਵੀ ਪੂਰੀ ਰੁਚੀ ਨਾਲ ਲੈਕਚਰ ਸੁਣਿਆ ਅਤੇ ਇਸਨੂੰ ਆਪਣੇ ਜੀਵਨ ਲਈ ਮਹੱਤਵਪੂਰਨ ਅਨੁਭਵ ਕਹਿੰਦੇ ਹੋਏ ਕਿਹਾ ਕਿ ਉਹ ਇਸ ਤੋਂ ਪ੍ਰੇਰਨਾ ਲਈ।












