ਭੁਵਨੇਸ਼ਵਰ, 18 ਅਗਸਤ,ਬੋਲੇ ਪੰਜਾਬ ਬਿਊਰੋ;
ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਡੀ ਦੇ ਮੁਖੀ ਨਵੀਨ ਪਟਨਾਇਕ ਦੀ ਤਬੀਅਤ ਐਤਵਾਰ ਸ਼ਾਮ ਅਚਾਨਕ ਖ਼ਰਾਬ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਭੁਵਨੇਸ਼ਵਰ ਦੇ ਸੈਮ ਅਲਟੀਮੇਟ ਮੈਡੀਕੇਅਰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।
ਹਸਪਤਾਲ ਦੇ ਡਾ. ਆਲੋਕ ਪਾਨੀਗ੍ਰਹੀ ਨੇ ਦੱਸਿਆ ਕਿ ਪਟਨਾਇਕ ਡੀਹਾਈਡਰੇਸ਼ਨ ਨਾਲ ਪੀੜਤ ਹਨ। ਹਾਲਾਂਕਿ, ਇਸ ਵੇਲੇ ਉਨ੍ਹਾਂ ਦੀ ਸਿਹਤ ਸਥਿਰ ਹੈ। ਦਾਖਲ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਨਵੀਨ ਪਟਨਾਇਕ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਦੇ ਹੋਏ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਠੀਕ ਹਨ। ਉਨ੍ਹਾਂ ਦੇ ਇਸ ਸੰਦੇਸ਼ ਤੋਂ ਬਾਅਦ ਸਮਰਥਕਾਂ ਤੇ ਚਾਹੁਣ ਵਾਲਿਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਪਈ।
ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਪਟਨਾਇਕ ਦੀ ਸਿਹਤ ਵਿਗੜੀ ਹੋਵੇ। ਇਸ ਵਾਰ ਵੀ ਉਨ੍ਹਾਂ ਦੀ ਦੇਖਭਾਲ ਡਾ. ਆਲੋਕ ਪਾਨੀਗ੍ਰਹੀ ਦੀ ਟੀਮ ਕਰ ਰਹੀ ਹੈ। ਮੈਡੀਕਲ ਅਧਿਕਾਰੀਆਂ ਮੁਤਾਬਕ, ਉਨ੍ਹਾਂ ਦੀ ਹਾਲਤ ਚਿੰਤਾ ਤੋਂ ਬਾਹਰ ਹੈ।














