ਕਪੂਰਥਲਾ, 19 ਅਗਸਤ,ਬੋਲੇ ਪੰਜਾਬ ਬਿਊਰੋ;
ਫਗਵਾੜਾ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਅਧੀਨ ਇੱਕ ਵੱਡੀ ਕਾਰਵਾਈ ਕਰਦਿਆਂ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕਰ ਲਿਆ। ਇਹ ਕਾਰਵਾਈ ਫਗਵਾੜਾ ਬੱਸ ਅੱਡੇ ‘ਤੇ ਪੀਆਰਟੀਸੀ ਬੱਸ ਦੀ ਚੈਕਿੰਗ ਦੌਰਾਨ ਹੋਈ, ਜਿੱਥੇ ਬੱਸ ਵਿੱਚੋਂ ਚੂਰਾ ਪੋਸਤ ਡੋਡੇ ਬਰਾਮਦ ਕੀਤੇ ਗਏ।
ਡੀਐਸਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਜੜ੍ਹ ਮੁਕਾਉਣ ਲਈ ਸਖ਼ਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਕੜੀ ਅਧੀਨ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਲੰਮੇ ਸਮੇਂ ਤੋਂ ਇੱਕ ਨੈਟਵਰਕ ਰਾਹੀਂ ਨਸ਼ੇ ਦੀ ਸਪਲਾਈ ਕਰਦੇ ਆ ਰਹੇ ਸਨ। ਖ਼ਾਸ ਇਨਪੁੱਟ ਦੇ ਆਧਾਰ ’ਤੇ ਛਾਪਾਮਾਰੀ ਕਰਦਿਆਂ ਦੋਵੇਂ ਨੂੰ ਰੰਗੇ ਹੱਥਾਂ ਕਾਬੂ ਕੀਤਾ ਗਿਆ।
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਨਸ਼ੇ ਦੀ ਸਪਲਾਈ ਦੇ ਵੱਡੇ ਗਿਰੋਹ ਬਾਰੇ ਵੀ ਮਹੱਤਵਪੂਰਣ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।












