ਚੰਡੀਗੜ੍ਹ, 20 ਅਗਸਤ,ਬੋਲੇ ਪੰਜਾਬ ਬਿਊਰੋ;
ਬੀਤੀ ਰਾਤ ਸੁਵੱਖਤੇ ਬਹਾਦਰਗੜ੍ਹ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਔਰਤਾਂ ਪੁਰਸ਼ ਅਤੇ ਛੋਟੇ ਬੱਚੇ ਸ਼ਾਮਲ ਹਨ।
ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦੇ ਅਮਨ ਨਗਰ ਤੋਂ ਪ੍ਰਵਾਸੀ ਮਜ਼ਦੂਰ ਫਸਲਾਂ ਦੀ ਕਟਾਈ ਲਈ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਘੋੜਾਕੈਮਲਾ ਪਿੰਡ ਜਾ ਰਹੇ ਸਨ। ਇਹ ਮਜ਼ਦੂਰ ਇੱਕ ਪਿਕਅੱਪ ਗੱਡੀ ਵਿੱਚ ਸਵਾਰ ਸਨ, ਜਿਸ ਵਿੱਚ ਲਗਭਗ 37 ਲੋਕ ਬੈਠੇ ਸਨ। ਰਾਤ 1:30 ਵਜੇ ਦੇ ਕਰੀਬ, ਕੇਐਮਪੀ ਐਕਸਪ੍ਰੈਸਵੇਅ ‘ਤੇ ਬਦਲੀ ਨੇੜੇ ਇੱਕ ਤੇਜ਼ ਰਫ਼ਤਾਰ ਕੰਟੇਨਰ ਨੇ ਪਿਕਅੱਪ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਗੱਡੀ ਪਲਟ ਗਈ, ਜਿਸ ਕਾਰਨ ਕਈ ਮਜ਼ਦੂਰ ਸੜਕ ‘ਤੇ ਡਿੱਗ ਗਏ।
ਇਸ ਹਾਦਸੇ ਵਿੱਚ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀਆਂ ਵਿੱਚ ਔਰਤਾਂ ਅਤੇ ਛੋਟੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਵਿੱਚੋਂ 8 ਦਾ ਬਹਾਦਰਗੜ੍ਹ ਦੇ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਕਿ ਬਾਕੀ 25 ਨੂੰ ਬਿਹਤਰ ਇਲਾਜ ਲਈ ਪੀਜੀਆਈਐਮਐਸ, ਰੋਹਤਕ ਰੈਫਰ ਕਰ ਦਿੱਤਾ ਗਿਆ ਹੈ।












