ਪ੍ਰਤੀਰੋਧ ਕਾ ਸਿਨੇਮਾ’ ਬਾਰੇ ਇਕ ਵਰਕਸ਼ਾਪ ਵੀ ਲਾਈ ਜਾਵੇਗੀ
ਮਾਨਸਾ, 20 ਅਗਸਤ ,ਬੋਲੇ ਪੰਜਾਬ ਬਿਊਰੋ;
ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ 24 ਅਗਸਤ ਨੂੰ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਦੇ ਲੋਕ ਕਵੀ ਸੰਤ ਰਾਮ ਉਦਾਸੀ ਆਡੀਟੋਰੀਅਮ ਵਿਖੇ ਸਿਨਮੇ ਬਾਰੇ ਇਕ ਵਰਕਸ਼ਾਪ ਅਤੇ ਫਿਲਮ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਮਾਗਮ ਦਾ ਸੱਦਾ ਪੱਤਰ ਵੀ ਜਾਰੀ ਕੀਤਾ ਗਿਆ।
ਅੱਜ ਸਮਾਗਮ ਦੇ ਪ੍ਰਬੰਧਾਂ ਸਬੰਧੀ ਹੋਈ ਇਕ ਮੀਟਿੰਗ ਤੋਂ ਬਾਅਦ ਇੰਨਾਂ ਸੰਗਠਨਾਂ ਦੇ ਆਗੂਆਂ ਸੁਖਦਰਸ਼ਨ ਸਿੰਘ ਨੱਤ, ਅਮੋਲਕ ਡੇਲੂਆਣਾ, ਰਾਜਵਿੰਦਰ ਮੀਰ, ਜਸਬੀਰ ਕੌਰ ਨੱਤ ਅਤੇ ਜਸਪਾਲ ਖੋਖਰ ਨੇ ਦਸਿਆ ਕਿ ਇਹ ਸਮਾਗਮ ‘ਪ੍ਰਤੀਰੋਧ ਕਾ ਸਿਨਮਾ’ ਮੁਹਿੰਮ ਤਹਿਤ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਸੰਚਾਲਕ ਸੰਜੇ ਜੋਸ਼ੀ ਅਤੇ ਵਿਨੀਤ ਅਗਰਵਾਲ ਹੋਣਗੇ। ਅੱਜ ਦੇ ਦੌਰ ਵਿੱਚ ‘ਸਿਨਮਾ ਦੇਖਣ ਦਿਖਾਉਣ ਦੇ ਮਾਇਨੇ’ ਸਿਰਲੇਖ ਹੇਠ ਸਿਨਮਾ ਬਾਰੇ ਇਕ ਵਰਕਸ਼ਾਪ 24 ਅਗਸਤ ਨੂੰ ਸਵੇਰੇ ਦਸ ਵਜੇ ਤੋਂ ਦੁਪਹਿਰ ਇਕ ਵਜੇ ਤੱਕ ਚੱਲੇਗੀ। ਇਕ ਘੰਟੇ ਦੀ ਲੰਚ ਬਰੇਕ ਤੋਂ ਬਾਅਦ ਦੁਪਹਿਰ ਦੋ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵਿਸ਼ੇਸ਼ ਤੌਰ ‘ਤੇ ਫਿਲਸਤੀਨੀ ਸਿਨਮੇ ਉਤੇ ਕੇਂਦਰਿਤ ਫਿਲਮਾਂ ‘ਫਿਲਸਤੀਨੀ ਔਰਤਾਂ’ , ‘ਵਾਈਲਡ ਫਲਾਵਰਜ਼’, ‘ਮਾਈ ਪੈਲਸਟਾਈਨ’, ਏ ਮੈਡੀਕਲ ਸਬਸਟੈਂਸ ਫਲੋਜ਼ ਇਨ ਟੂ ਮੀ , 1995 – ਏ ਵੂਮੈਨ ਆਫ ਹਰ ਓਨ ਟਾਇਮ, ਫਿਲਸਤੀਨੀ ਪ੍ਰਤੀਰੋਧ ਦੇ ਗੀਤ ਤੇ ਕੋਫੀਆ ਮਿਊਜ਼ਿਕ ਆਦਿ ਫ਼ਿਲਮਾਂ ਤੇ ਲਘੂ ਫ਼ਿਲਮਾਂ ਦਿਖਾਈਆਂ ਜਾਣਗੀਆਂ।
ਸਮਾਗਮ ਦੇ ਅਖ਼ੀਰ ਵਿਚ ਸੰਚਾਲਕ ਇੰਨਾਂ ਫਿਲਮਾਂ ਦੇ ਪ੍ਰਭਾਵਾਂ ਬਾਰੇ ਦਰਸ਼ਕਾਂ ਨਾਲ ਗੱਲਬਾਤ ਕਰਨਗੇ ਅਤੇ ਸਿਨਮਾ ਦੀ ਇਸ ਮੁਹਿੰਮ ਨੂੰ ਪਿੰਡਾਂ ਤੇ ਗਲੀ ਮੁਹੱਲਿਆਂ ਤੱਕ ਲੈ ਜਾਣ ਬਾਰੇ ਉਨ੍ਹਾਂ ਦਾ ਸੁਝਾਅ ਲੈਣਗੇ।
ਪ੍ਰਬੰਧਕਾਂ ਨੇ ਗੰਭੀਰ ਕਿਸਮ ਦੇ ਸਿਨਮੇ ਵਿੱਚ ਦਿਲਚਸਪੀ ਰੱਖਣ ਵਾਲੇ ਸਮੂਹ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।












