ਨਾਬਾਲਗ ਬੱਚੀ ਨੂੰ ਅਦਾਲਤ ‘ਚ ਪੇਸ਼ ਕਰਕੇ ਕੀਤਾ ਜਾਵੇਗਾ ਮਾਪਿਆਂ ਦੇ ਹਵਾਲੇ ਅਤੇ ਦੋਸ਼ੀ ਤੇ ਕੀਤੀ ਜਾਵੇਗੀ ਬਣਦੀ ਕਾਰਵਾਈ: ਐਸਐਚਓ ਸਦਰ ਥਾਣਾ ਖਰੜ
ਮੋਹਾਲੀ, 26 ਅਗਸਤ ,ਬੋਲੇ ਪੰਜਾਬ ਬਿਊਰੋ:
ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਇੱਕ ਨਾਬਾਲਗ ਬੱਚੀ ਦੇ ਅਗਵਾ ਕਰਕੇ ਜਬਰ ਜਿਨਾਹ ਕਰਨ ਦੇ ਮਾਮਲੇ ਸਬੰਧੀ 26 ਅਗਸਤ 2025 ਨੂੰ ਪਿਛਲੇ ਦਿਨੀ ਸਦਰ ਥਾਣਾ ਖਰੜ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈਕੇ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦਾ ਅੱਜ ਭਾਰੀ ਇਕੱਠ ਮੋਰਚਾ ਸਥਾਨ ਤੇ ਹੋਇਆ। ਇਸ ਘਿਰਾਓ ਤੋਂ ਘਬਰਾਈ ਸਦਰ ਥਾਣਾ ਖਰੜ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨਾਬਾਲਗ ਬੱਚੀ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਅਰਸ਼ਦੀਪ ਨੂੰ ਸੁਨਾਮ ਏਰੀਏ ਵਿੱਚੋਂ ਗ੍ਰਿਫਤਾਰ ਕਰਕੇ ਮੋਰਚੇ ਦੀ ਮੰਗ ਨੂੰ ਪੂਰਾ ਕਰਕੇ ਘਿਰਾਓ ਕਰਨ ਤੋਂ ਪਹਿਲਾਂ ਹੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੂੰ ਸੂਚਿਤ ਕੀਤਾ।
ਅੱਜ ਮੋਰਚਾ ਸਥਾਨ ਤੇ ਥਾਣਾ ਸਦਰ ਖਰੜ ਦੇ ਐਸਐਚ ਓ ਅਮਰਿੰਦਰ ਸਿੰਘ ਸਿੱਧੂ ਪਹੁੰਚੇ ਤੇ ਉਹਨਾਂ ਨੇ ਪ੍ਰੈਸ ਦੀ ਹਾਜ਼ਰੀ ਵਿੱਚ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਐਫ.ਆਈ.ਆਰ. ਨੰਬਰ 195/2024/ਸਦਰ ਥਾਣਾ ਖਰੜ ਵਿੱਚ ਦਰਜ ਹੈ। ਮੈਂ ਆਪਣੀ ਪੁਲਿਸ ਟੀਮ ਭੇਜਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ ਅਤੇ ਦੋਸ਼ੀ ਅਰਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੀ ਮਾਤਾ ਰਾਜੋਰਾਣੀ ਦੀ ਗ੍ਰਿਫਤਾਰੀ ਹੋਕੇ ਪਹਿਲਾਂ ਹੀ ਜਮਾਨਤ ਹੋ ਚੁੱਕੀ ਹੈ। ਅਸੀਂ ਦੋਸ਼ੀ ਤੇ ਬਣਦੀ ਕਾਰਵਾਈ ਕਰਾਂਗੇ ਤੇ ਬੱਚੀ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਨ ਬਾਅਦ ਮਾਪਿਆਂ ਦੇ ਹਵਾਲੇ ਕਰ ਦੇਵਾਂਗੇ।
ਐਸ.ਐਚ.ਓ. ਸਾਹਿਬ ਦੀ ਇਹ ਕਾਰਵਾਈ ਸੁਣ ਕੇ ਸਾਰੇ ਧਰਨਾਕਾਰੀ ਤੇ ਮੋਰਚਾ ਆਗੂਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਐਸ.ਐਚ.ਓ. ਸਾਹਿਬ ਦਾ ਧੰਨਵਾਦ ਕੀਤਾ।
ਇਸ ਸਮੇਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮੋਰਚੇ ਦੇ ਆਗੂਆਂ ਅਤੇ ਪ੍ਰੈਸ ਮੀਡੀਆ ਦੀ ਮਿਹਨਤ ਸਦਕਾ ਥਾਣਾ ਸਦਰ ਖਰੜ ਦੀ ਪੁਲਿਸ ਦੀ ਜੋ ਇਹ ਪ੍ਰਾਪਤੀ ਹੋਈ ਹੈ। ਇਸ ਨਾਲ ਪੀੜਤ ਪਰਿਵਾਰ ਨੂੰ ਸੰਤੁਸ਼ਟੀ ਹੋਈ ਹੈ। ਸਾਨੂੰ ਆਸ ਹੈ ਕਿ ਉਹਨਾਂ ਨੇ ਜੋ ਵਾਅਦਾ ਕੀਤਾ ਹੈ ਉਹ ਪੂਰਾ ਕਰਨਗੇ। ਉਨ੍ਹਾਂ ਨੇ ਨਾਬਾਲਗ ਬੱਚੀ ਦੀ ਪੀੜਤ ਦੀ ਮਾਤਾ ਪੂਨਮ ਰਾਣੀ ਦੀ ਸੁਣਵਾਈ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਸ. ਕੁੰਭੜਾ ਨੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਸਾਲਾ ਬੱਧੀ ਕੰਮ ਕੁਝ ਘੰਟਿਆਂ ਵਿੱਚ ਕਰ ਸਕਦੀ ਹੈ। ਪੰਜਾਬ ਪੁਲਿਸ ਵਿੱਚ ਬਹੁਤ ਆਹਲਾ ਅਫਸਰ ਨਿਆ ਪਸੰਦ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ। ਐਸ.ਐਚ.ਓ. ਅਮਨਿੰਦਰ ਸਿੰਘ ਸਿੱਧੂ ਨੇ ਆਪਣੇ ਵੱਲੋਂ ਕੀਤਾ ਵਾਅਦਾ ਪੂਰਾ ਕੀਤਾ ਹੈ ਤੇ ਆਪਣੀ ਕਾਬਲੀਅਤ ਦੀ ਇੱਕ ਮਿਸਾਲ ਪੇਸ਼ ਕੀਤੀ ਹੈ।
ਇਸ ਮੌਕੇ ਸੀਨੀਅਰ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਐਡਵੋਕੇਟ ਚਰਨਜੀਤ ਕੌਰ, ਕਰਮ ਸਿੰਘ ਕੁਰੜੀ, ਸਿਕਸ਼ਾ ਸ਼ਰਮਾ, ਬੱਬਲ ਚੌਪੜਾ, ਜਸਪਾਲ ਸਿੰਘ, ਸਿਮਰਨਜੀਤ ਸਿੰਘ ਸ਼ੈਂਕੀ, ਹਰਵਿੰਦਰ ਸਿੰਘ, ਰਣਜੀਤ ਸਿੰਘ, ਰਘਵੀਰ ਸਿੰਘ, ਮਲਕੀਤ ਸਿੰਘ, ਗੁਰਮੁਖ ਸਿੰਘ, ਹਰਪਾਲ ਸਿੰਘ, ਸੋਨੀਆ ਰਾਣੀ, ਬਲਵਿੰਦਰ ਕੌਰ, ਰਜਿੰਦਰ ਕੌਰ, ਬਲਜੀਤ ਸਿੰਘ, ਪਰਮਜੀਤ ਕੌਰ, ਦਵਿੰਦਰ ਸਿੰਘ, ਅਮਰੀਕ ਸਿੰਘ, ਗੌਰਵ ਸੂਦ, ਗੁਰਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਹੋਏ।












