ਵਾਰ ਵਾਰ ਮੀਟਿੰਗ ਦੇ ਕੇ ਸਰਕਾਰ ਵੱਲੋਂ ਕੀਤਾ ਜਾ ਰਿਹਾ 12000 ਤੋਂ ਵੱਧ ਕੱਚੇ ਅਧਿਆਪਕਾਂ ਨੂੰ ਖੱਜਲ ਖ਼ੁਆਰ
ਚੰਡੀਗੜ੍ਹ 27 ਅਗਸਤ ,ਬੋਲੇ ਪੰਜਾਬ ਬਿਊਰੋ;
ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਅਧਿਆਪਕਾਂ ਨੂੰ ਪੂਰੇ ਸਕੇਲ ਤੇ ਪੱਕਾ ਕਰਨ ਦਾ ਮੋਹਾਲੀ ਵਿਖੇ ਯੂਨੀਅਨ ਦੇ ਚਲਦੇ ਧਰਨੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵਾਅਦਾ ਕੀਤਾ ਸੀ।ਪਰ ਆਪਣੇ ਕੀਤੇ ਵਾਅਦੇ ਦੇ ਉਲਟ ਇਹਨਾਂ ਅਧਿਆਪਕਾਂ ਦੀ ਸਿਰਫ਼ ਤਨਖ਼ਾਹ ਵਿਚ ਵਾਧਾ ਕਰਕੇ ਹੀ ਬਹੁਤ ਵੱਡੇ ਪੱਧਰ ਤੇ ਸਿਆਸੀ ਲਾਹਾ ਲਿਆ।ਪਰ ਅਸਲ ਵਿਚ ਇਹ ਅਧਿਆਪਕ ਅੱਜ ਵੀ ਆਪਣੇ ਆਪ ਨੂੰ ਪੱਕਾ ਕਰਾਉਣ ਲਈ ਅਤੇ ਪੂਰੇ ਭੱਤੇ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਹਨ।ਅਧਿਆਪਕਾਂ ਨੂੰ ਸਰਕਾਰ ਵੱਲੋਂ ਕਈ ਵਾਰ ਮੀਟਿੰਗ ਦਾ ਸੱਦਾ ਦੇ ਕੇ ਮੀਟਿੰਗ ਨਾ ਕਰਕੇ ਅਧਿਆਪਕਾਂ ਨੂੰ ਖ਼ਾਲੀ ਹੱਥ ਵਾਪਸ ਭੇਜਿਆ ਜਾਂਦਾ ਹੈ।ਪਹਿਲਾਂ 26 ਜੂਨ ਨੂੰ ਲੁਧਿਆਣਾ ਡਿਪਟੀ ਕਮਿਸ਼ਨਰ ਰਾਹੀਂ ਮੀਟਿੰਗ ਦਿੱਤੀ ਗਈ। ਉਹ ਵੀ ਅੱਗੇ 9 ਜੁਲਾਈ ਨੂੰ ਕਰ ਦਿੱਤੀ। ਫਿਰ ਉਸ ਨੂੰ ਵੀ ਕੈਂਸਲ ਕਰ ਦਿੱਤਾ। ਫਿਰ 29 ਜੂਨ ਨੂੰ ਸਿੱਖਿਆ ਮੰਤਰੀ ਨੇ ਮੀਟਿੰਗ ਦਿੱਤੀ ਉਹ ਵੀ ਕੈਂਸਲ ਹੋ ਗਈ।ਇਸ ਸਰਕਾਰ ਦੇ ਘਟੀਆ ਵਤੀਰੇ ਤੋ ਦੁਖੀ ਹੋ ਕੇ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।ਜੇਕਰ ਸਰਕਾਰਾਂ ਸੱਚਮੁੱਚ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ ਤਾਂ ਇਹਨਾਂ ਅਧਿਆਪਕਾਂ ਨੂੰ ਕੀਤੇ ਵਾਅਦੇ ਮੁਤਾਬਿਕ ਪੂਰੇ ਭੱਤਿਆਂ ਸਮੇਤ ਪੱਕਾ ਕਰੇ ਨਹੀਂ ਤਾਂ ਸਰਕਾਰ ਨੂੰ ਇਸ ਵਾਅਦਾ ਖ਼ਿਲਾਫ਼ੀ ਦਾ ਆਉਣ ਵਾਲੀਆਂ ਵੋਟਾਂ ਵਿੱਚ ਇਸ ਦਾ ਨਤੀਜਾ ਭੁਗਤਣਾ ਪਵੇਗਾ।ਇਸ ਮੌਕੇ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਵੀਰਪਾਲ ਕੌਰ ਸਿਧਾਣਾ ਗੁਰਤੇਜ ਸਿੰਘ ਅਬੋਹਰ ਗੁਰਦੀਪ ਸਿੰਘ ਕਪੂਰਥਲਾ ਰਾਜਵੀਰ ਕੌਰ ਮਲੋਟ ਰਜਿੰਦਰ ਚੌਹਾਨ ਆਦਿ ਹਾਜ਼ਰ ਸਨ।












