ਮੋਹਾਲੀ, 2 ਸਤੰਬਰ,ਬੋਲੇ ਪੰਜਾਬ ਬਿਊਰੋ;
ਮੋਹਾਲੀ ਪੁਲਿਸ ਨੇ ਜੈਸ਼-ਏ-ਮੁਹੰਮਦ ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਕੈਬ ਡਰਾਈਵਰ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਇੱਕ ਹਥਿਆਰ ਅਤੇ ਇੱਕ ਵਾਹਨ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ ਪੁੱਤਰ ਬਸ਼ੀਰ ਅਹਿਮਦ, ਮੁਨੀਸ਼ ਸਿੰਘ ਉਰਫ਼ ਅੰਸ਼ ਪੁੱਤਰ ਸ਼ਮਸ਼ੇਰ ਸਿੰਘ ਅਤੇ ਏਜਾਜ਼ ਅਹਿਮਦ ਉਰਫ਼ ਵਸੀਮ ਪੁੱਤਰ ਗੁਲਾਮ ਮੁਹੰਮਦ (ਸਾਰੇ ਵਾਸੀ ਜੰਮੂ-ਕਸ਼ਮੀਰ) ਵਜੋਂ ਹੋਈ ਹੈ।
ਮੋਹਾਲੀ ਦੇ ਨਯਾਗਾਓਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ ‘ਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਦੇ ਮੋਬਾਈਲ ਫੋਨ ਬੰਦ ਹੋ ਗਏ। ਜਾਂਚ ਲਈ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਮੁਲਜ਼ਮਾਂ ਤੋਂ ਖੋਹੀ ਗਈ ਗੱਡੀ ਅਤੇ ਅਪਰਾਧ ਵਿੱਚ ਵਰਤੀ ਗਈ .32 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ, ਮੁਲਾਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿੱਚ ਲਾਸ਼ ਨੂੰ ਮੋਹਾਲੀ ਖੇਤਰ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ।
ਮੁਲਜ਼ਮ ਸਾਹਿਲ ਬਸ਼ੀਰ, ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ UAPA ਅਤੇ ਆਰਮਜ਼ ਐਕਟ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ। ਉਸਦੇ ਭਰਾ ਐਜਾਜ਼ ਅਹਿਮਦ ਨੂੰ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰਗਰਾਊਂਡ ਵਰਕਰਾਂ ਵਜੋਂ ਹੋਈ ਹੈ।












