ਪੰਜਾਬ ਸਰਕਾਰ, ਤ੍ਰਿਪਾਠੀ ਨੂੰ ਅਹੁਦੇ ਤੋਂ ਹਟਾਉਣ ਲਈ ਦਬਾਅ ਪਾਵੇ ਅਤੇ ਬੀਬੀਐਮਬੀ ਵਿੱਚ ਖਾਲੀ ਪਈਆਂ ਪੰਜਾਬ ਦੇ ਕੋਟੇ ਦੀਆਂ ਸਾਰੀਆਂ ਅਸਾਮੀਆਂ ਤੁਰੰਤ ਭਰੇ
ਮਾਨਸਾ, 7 ਅਗਸਤ ,ਬੋਲੇ ਪੰਜਾਬ ਬਿਊਰੋ;
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਤਾਜ਼ਾ ਬਿਆਨਾਂ ਦੀ ਕਰੜੀ ਨਿੰਦਾ ਕਰਦੇ ਹੋਏ ਇੰਨਾਂ ਨੂੰ ਭਿਆਨਕ ਹੜ੍ਹਾਂ ਦਾ ਸ਼ਿਕਾਰ ਪੰਜਾਬ ਦੇ ਜ਼ਖਮਾਂ ਉਤੇ ਨਮਕ ਛਿੜਕਣ ਦੇ ਬਰਾਬਰ ਕਰਾਰ ਦਿੱਤਾ ਹੈ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਸੁਖਦਰਸ਼ਨ ਸਿੰਘ ਨੱਤ ਅਤੇ ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਜਦੋਂ ਪੰਜਾਬ ਦੇ ਬਹੁਤੇ ਜ਼ਿਲੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਕਰੀਬ 1400 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ, ਤਾਂ ਇਸ ਮੌਕੇ ਇਹ ਗੈਰ ਜਿੰਮੇਵਾਰ ਵਿਅਕਤੀ ਇੰਨਾਂ ਹੜ੍ਹਾਂ ਲਈ ਉਲਟਾ ਪੰਜਾਬ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ। ਸ਼ਿਵਰਾਜ ਚੌਹਾਨ ਨੇ ਦੌਰਾ ਤਾਂ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਬਹਾਨੇ ਕੀਤਾ, ਪਰ ਹੁਣ ਤੱਕ ਤਿੰਨ ਲੱਖ ਏਕੜ ਤੋਂ ਕਿਤੇ ਵੱਧ ਪੱਕਣ ਦੇ ਨੇੜੇ ਆਈ ਫ਼ਸਲ ਸਮੇਤ ਖੇਤਾਂ ਪਸ਼ੂਆਂ, ਘਰਾਂ ਤੇ ਮਸੀਨਰੀ ਦੀ ਬੁਰੀ ਤਰ੍ਹਾਂ ਹੋਈ ਬਰਬਾਦੀ ਦੇ ਬਾਵਜੂਦ ਉਸ ਨੇ ਇਸ ਤ੍ਰਾਸਦੀ ਨੂੰ ਕੌਮੀ ਆਫ਼ਤ ਐਲਾਨਨ ਜਾਂ ਫੌਰੀ ਰਾਹਤ ਦੇਣ ਬਾਰੇ ਇਕ ਸ਼ਬਦ ਵੀ ਨਹੀਂ ਉਚਰਿਆ। ਉਲਟਾ ਇਹ ਬਿਆਨ ਦੇ ਕੇ ਕਿ ਇਹ ਹੜ੍ਹ ਨਾਜਾਇਜ਼ ਮਾਈਨਿੰਗ ਕਾਰਨ ਆਏ ਹਨ, ਇਸ ਸੰਕਟ ਲਈ ਪੀੜਤ ਪੰਜਾਬ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ। ਕੀ ਬੀਜੇਪੀ ਦੀਆਂ ਸਰਕਾਰਾਂ ਵਾਲੇ ਯੂਪੀ ਬਿਹਾਰ ਵਰਗੇ ਸੂਬਿਆਂ ਵਿੱਚ ਆਏ ਹੜ੍ਹਾਂ ਬਾਰੇ ਵੀ ਉਹ ਇਹੀ ਕਹਿਣ ਦੀ ਜੁਰਅਤ ਕਰਨਗੇ?
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਮਜ਼ਦ ਕੱਠਪੁਤਲੀ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਇਹ ਕਹਿਣ ਦਾ ਕੀ ਮਤਲਬ ਹੈ ਕਿ ਜੇਕਰ ਪੰਜਾਬ ਮਾਰਚ ਅਪ੍ਰੈਲ ਵਿੱਚ ਹਰਿਆਣਾ ਨੂੰ ਉਸ ਦੇ ਕੋਟੇ ਤੋਂ ਵਾਧੂ ਪਾਣੀ ਦੇਣ ‘ਤੇ ਇਤਰਾਜ਼ ਨਾ ਕਰਦਾ, ਤਾਂ ਇਹ ਹੜ੍ਹ ਨਹੀਂ ਸਨ ਆਉਣੇ! ਕੀ ਇਸ ਦਾ ਮਤਲਬ ਇਹ ਹੈ ਕਿ ਇਸ ਸਾਜਿਸ਼ੀ ਮਨੇਜਮੈਂਟ ਨੇ ਬੀਜੇਪੀ ਸ਼ਾਸਿਤ ਹਰਿਆਣਾ ਦਿੱਲੀ ਤੇ ਰਾਜਸਥਾਨ ਨੂੰ ਖੁਸ਼ਕ ਮੌਸਮ ਵਿੱਚ ਵਾਧੂ ਪਾਣੀ ਦੇਣ ਲਈ ਪਹਿਲਾਂ ਗਿਣ ਮਿਥ ਕੇ ਡੈਮਾਂ ਵਿੱਚ ਸ਼ਡਿਊਲ ਤੋਂ ਜ਼ਿਆਦਾ ਪਾਣੀ ਸਟੋਰ ਕਰ ਲਿਆ ਅਤੇ ਬਾਦ ਵਿੱਚ ਜਦੋਂ ਹਿਮਾਚਲ ਵਿੱਚ ਅਣਕਿਆਸੀ ਬਾਰਿਸ਼ ਹੋਈ, ਤਾਂ ਜਲਦਬਾਜ਼ੀ ਵਿੱਚ ਡੈਮਾਂ ਤੋਂ ਪਾਣੀ ਛੱਡ ਕੇ ਸਜ਼ਾ ਵਜੋਂ ਪੰਜਾਬ ਨੂੰ ਡੋਬ ਦਿੱਤਾ? ਬਿਆਨ ਵਿੱਚ ਸੁਆਲ ਪੁੱਛਿਆ ਗਿਆ ਹੈ ਕਿ ਜੇਕਰ ਉਦੋਂ ਹਰਿਆਣਾ ਨੂੰ ਚਾਰ ਪੰਜ ਹਜ਼ਾਰ ਕਿਊਸਿਕ ਪਾਣੀ ਵਾਧੂ ਦੇ ਵੀ ਦਿੱਤਾ ਜਾਂਦਾ, ਤਾਂ ਕੀ ਉਸ ਨਾਲ ਇੰਨਾਂ ਬਾਰਿਸ਼ਾਂ ਜਾਂ ਬੱਦਲ਼ ਫੱਟਣ ਉਤੇ ਕੋਈ ਰੋਕ ਲੱਗ ਜਾਣੀ ਸੀ ?
ਕਮਿਉਨਿਸਟ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਥੇ ਉਹ ਖੁਦ ਪੀੜਤਾਂ ਨੂੰ ਜਲਦੀ ਤੋਂ ਜਲਦੀ ਨਕਦ ਅੰਤਰਿਮ ਰਾਹਤ ਦੇਵੇ, ਉਥੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਤੋਂ ਪੰਜਾਬ ਲਈ ਪੰਜਾਹ ਹਜ਼ਾਰ ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕਰਵਾਉਣ ਲਈ ਦਬਾਅ ਪਾਵੇ । ਮੋਦੀ ਸਰਕਾਰ ਨੂੰ ਮਜਬੂਰ ਕਰਨ ਲਈ ਤੁਰੰਤ ਸਮੂਹ ਵਿਰੋਧੀ ਪਾਰਟੀਆਂ ਅਤੇ ਸਰਗਰਮ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਸਾਂਝੀ ਮੀਟਿੰਗ ਬੁਲਾਕੇ ਵੱਡਾ ਜਨਤਕ ਦਬਾਅ ਬਣਾਇਆ ਜਾਵੇ। ਉਸ ਮੀਟਿੰਗ ਵਲੋਂ ਮਤਾ ਪਾਸ ਕਰਕੇ ਮਨੋਜ ਤ੍ਰਿਪਾਠੀ ਦੇ ਇਸ ਗ਼ਲਤ ਤੇ ਭੜਕਾਊ ਬਿਆਨ ਬਦਲੇ ਉਸ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਵੀ ਮੰਗ ਕਰੇ। ਪੰਜਾਬ ਸਰਕਾਰ, ਬੀਬੀਐਮਬੀ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ ਪੰਜਾਬ ਦੇ ਕੋਟੇ ਦੀਆਂ ਸਾਰੀਆਂ ਆਸਾਮੀਆਂ ਭਰਨ ਲਈ ਨਵੀਂ ਭਰਤੀ ਦੀ ਪ੍ਰਕਿਰਿਆ ਤੁਰੰਤ ਆਰੰਭ ਕਰੇ।












