ਫ਼ਾਜ਼ਿਲਕਾ, 8 ਸਤੰਬਰ,ਬੋਲੇ ਪੰਜਾਬ ਬਿਊਰੋ;
ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਪਿੰਡ ਰੇਤੇ ਵਾਲੀ ਭੈਣੀ ਦੇ ਲੋਕਾਂ ‘ਤੇ ਅੱਜ ਸੋਮਵਾਰ ਸਵੇਰੇ ਇੱਕ ਹੋਰ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਦਾ 35 ਸਾਲਾ ਨੌਜਵਾਨ ਹਰਭਜਨ ਸਿੰਘ ਬਿੱਟੂ, ਜੋ ਸ਼ੁੱਕਰਵਾਰ ਸ਼ਾਮ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਸੀ, ਉਸਦੀ ਲਾਸ਼ ਸਤਲੁਜ ਦਰਿਆ ‘ਚੋਂ ਮਿਲੀ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਬਿੱਟੂ ਸ਼ੁੱਕਰਵਾਰ ਸ਼ਾਮ ਘਰੋਂ ਬਾਹਰ ਨਿਕਲਿਆ ਸੀ, ਪਰ ਰਾਤ ਦੇਰ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਚਿੰਤਤ ਹੋ ਗਿਆ। ਪਿੰਡ ਵਾਸੀਆਂ ਨੇ ਵੀ ਆਪਣੀ ਪੂਰੀ ਕੋਸ਼ਿਸ਼ ਨਾਲ ਭਾਲ ਕੀਤੀ ਪਰ ਕੋਈ ਅਤਾ-ਪਤਾ ਨਾ ਲੱਗਾ। ਆਖ਼ਿਰ ਐਤਵਾਰ ਨੂੰ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਮੈਦਾਨ ‘ਚ ਉਤਰੀ।
ਕਈ ਘੰਟਿਆਂ ਦੀ ਭਾਲ ਤੋਂ ਬਾਅਦ ਸੋਮਵਾਰ ਤੜਕੇ ਬਿੱਟੂ ਦੀ ਲਾਸ਼ ਦਰਿਆ ‘ਚੋਂ ਮਿਲੀ। ਇਸ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ ਤਿੰਨ ਬੱਚਿਆਂ ਦਾ ਪਿਤਾ ਸੀ।












