ਪਟਿਆਲਾ,10 ਸਤੰਬਰ,ਬੋਲੇ ਪਜਾਬ ਬਿਊਰੋ;
-ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਇਜ਼ਰਾਇਲ ਦੇ ਵਿੱਤ ਮੰਤਰੀ ਬੇਜਾ ਲੇਲ ਸਮੋਟਰਿਚ ਦੇ ਤਿੰਨ ਰੋਜ਼ਾ ਭਾਰਤ ਦੌਰੇ ਦਾ ਵਿਰੋਧ ਕਰਦਿਆਂ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੇ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਬੇਂਜਾਮਿਨ ਨੇਤਨਯਾਹੂ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਇਲੀ ਮੰਤਰੀ ਭਾਰਤ ਚੋਂ ਵਾਪਸ ਜਾਓ , ਭਾਰਤ ਸਰਕਾਰ ਇਜ਼ਰਾਇਲ ਨਾਲ ਸਬੰਧ ਭੰਗ ਕਰੇ ਅਤੇ ਫਲਸਤੀਨ ਵਿੱਚ ਫੌਰੀ ਜੰਗਬੰਦੀ ਕਰੋ ਦੇ ਜ਼ੋਰਦਾਰ ਨਾਅਰੇ ਲਗਾਏ ਗਏ।
ਪ੍ਰਦਰਸ਼ਨਕਾਰੀ ਪਹਿਲਾ ਸਥਾਨਕ ਨਹਿਰੂ ਪਾਰਕ ਵਿੱਚ ਇਕੱਠੇ ਹੋਏ ਜਿੱਥੋਂ ਉਨ੍ਹਾਂ ਮਾਰਚ ਕਰਕੇ ਉਹ ਪੁਰਾਣੇ ਬੱਸ ਅੱਡੇ ਦੇ ਨੇੜੇ ਚੌਕ ਵਿੱਚ ਪਹੁੰਚ ਕੇ ਪੁਤਲਾ ਫੂਕਿਆ।
ਇਸ ਮੌਕੇਬੁਲਾਰਿਆਂ ਨੇ ਕਿਹਾ ਕਿ ਇਜ਼ਰਾਇਲ ਨੇ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਦੀ ਘੋਰ ਉਲੰਘਣਾ ਕਰਕੇ ਫਲਸਤੀਨ ਦੀ ਹੋਂਦ ਮਟਾਉਣ ਲਈ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਬਾਹਰੋਂ ਜਾਣ ਵਾਲੀ ਮਾਨਵੀ ਸਹਾਇਤਾ, ਖੁਰਾਕੀ ਵਸਤਾਂ, ਦਵਾਈਆਂ ਅਤੇ ਪੀਣ ਵਾਲੇ ਪਾਣੀ ਉੱਤੇ ਵੀ ਰੋਕਾਂ ਲਾਈਆਂ ਹੋਈਆਂ ਹਨ। ਇੱਥੋਂ ਤੱਕ ਕਿ ਹਸਪਤਾਲਾਂ ਉੱਪਰ ਵੀ ਬੰਬਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਲੰਘੀ ਕੱਲ੍ਹ ਕਤਰ ਦੀ ਰਾਜਧਾਨੀ ਦੋਹਾ ਵਿਖੇ ਜੰਗਬੰਦੀ ਵਾਰਤਾ ਲਈ ਗਏ ਹਮਾਸ ਦੇ ਆਗੂਆਂ ਨੂੰ ਇਜ਼ਰਾਇਲੀ ਹਾਕਮਾਂ ਵਲੋਂ ਸ਼ਰੇਆਮ ਹਮਲੇ ਵਿੱਚ ਕਤਲ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕੁਕਰਮ ਇਜ਼ਰਾਇਲੀ ਹਾਕਮਾਂ ਦੇ ਮਨੁੱਖਤਾ ਵਿਰੋਧੀ ਇਰਾਦਿਆਂ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਾਮਰਾਜ ਦੇ ਇਸ਼ਾਰੇ ਉੱਤੇ ਇਜ਼ਰਾਇਲੀ ਹਾਕਮਾਂ ਵਲੋਂ ਕੀਤੇ ਜਾ ਰਹੇ ਹਮਲਿਆਂ ’ਚ ਬੱਚੇ, ਔਰਤਾਂ ਤੇ ਬਜ਼ੁਰਗ ਅਤੇ ਉਸ ਦੀ ਹਕੀਕਤ ਪੇਸ਼ ਕਰਨ ਵਾਲੇ ਪੱਤਰਕਾਰ ਇਹਨਾਂ ਹਮਲਿਆਂ ਦਾ ਨਿਸ਼ਾਨਾ ਬਣੇ ਹੋਏ ਹਨ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਵੀ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਹੋਇਆ ਹੈ। ਇਜ਼ਰਾਇਲ ਦੇ ਇਹਨਾਂ ਘਿਨਾਉਣੇ ਕਾਰਨਾਮਿਆਂ ਖਿਲਾਫ਼ ਦੁਨੀਆਂ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ। ਇਜ਼ਰਾਇਲ ਦੇ ਅੰਦਰ ਵੀ ਜੰਗ ਬੰਦ ਕਰਨ ਲਈ ਲੋਕ ਸੜਕਾਂ ’ਤੇ ਉੱਤਰੇ ਹਨ। ਇਜ਼ਰਾਇਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ ਚੋਣਾਂ ’ਚ ਲੋਕਾਂ ਦਾ ਸਾਹਮਣਾ ਕਰਨੋਂ ਬਚਣ ਅਤੇ ਆਪਣੀ ਕੁਰਪੱਸ਼ਨ ਨੂੰ ਢਕਣ ਲਈ ਜੰਗ ਜਾਰੀ ਰੱਖਣ ਲਈ ਅੜਿਆ ਹੋਇਆ ਹੈ। ਅਜਿਹੀ ਸਥਿਤੀ ’ਚ ਇਜ਼ਰਾਇਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਅਤੇ ਦੁਵੱਲੇ ਵਪਾਰਕ ਸਬੰਧ ਨੂੰ ਮਜ਼ਬੂਤ ਕਰਨ ਦੀਆਂ ਵਾਰਤਾਵਾਂ ਉਹਨਾਂ ਦੇ ਅਪਰਾਧਿਕ ਮਨਸੂਬਿਆਂ ਦੇ ਪੱਖ ਵਿੱਚ ਖੜ੍ਹਨਾ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਵੀ ਯੂ.ਐਨ.ਓ. ਵਿੱਚ ਜੰਗਬੰਦੀ ਲਈ ਪੇਸ਼ ਮਤਿਆਂ ਸਮੇਂ ਗੈਰ-ਹਾਜ਼ਰ ਰਹਿਣਾ ਨਿੰਦਣਯੋਗ ਸੀ। ਪਰ ਹੁਣ ਦੁਵੱਲੀਆਂ ਮੀਟਿੰਗਾਂ ਰਾਹੀਂ ਇਜ਼ਰਾਇਲ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਫਲਸਤੀਨੀ ਲੋਕਾਂ ਦੇ ਵਿਰੋਧ ’ਚ ਭੁਗਤਣਾ ਹੈ।
ਉਨ੍ਹਾਂ ਕਿਹਾ ਕਿ ਇਜ਼ਰਾਇਲ, ਫਲੀਸਤੀਨ ਦੇ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਚੋਂ ਆਪਣੀਆਂ ਫੌਜਾਂ ਨੂੰ ਤੁਰੰਤ ਬਾਹਰ ਕੱਢੇ ਤੇ ਜੰਗ ਬੰਦ ਕਰੇ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੇਤਨਯਾਹੂ ਨੂੰ ਜੰਗੀ ਅਪਰਾਧਾਂ ਲਈ ਸਜ਼ਾ ਦਿੱਤੀ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਹੜ ਪੀੜਤਾਂ ਲਈ ਐਲਾਨੇ ਗਏ ਨਿਗੂਣੇ ਪੈਕੇਜ ਦੀ ਨਿੰਦਾ ਦਾ ਮਤਾ ਵੀ ਪਾਸ ਕੀਤਾ।
ਬੁਲਾਰਿਆਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਵਿਕਰਮਦੇਵ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਕੌਮੀ ਕੋਆਰਡੀਨੇਟਰ ਅਮਨਦੀਪ ਸਿੰਘ ਖਿਉਵਾਲੀ ਸ਼ਾਮਲ ਸਨ ਇਸ ਮੌਕੇ ਦਵਿੰਦਰ ਸਿੰਘ ਪੂਨੀਆ, ਸ਼੍ਰੀਨਾਥ, ਅਮਨਦੀਪ ਕੌਰ ਦਿਉਲ, ਦਵਿੰਦਰ ਸਿੰਘ ਛਬੀਲਪੁਰ, ਗੁਰਜੀਤ ਸਿੰਘ, ਸਤਪਾਲ ਸਿੰਘ, ਗੁਰਵਿੰਦਰ ਸਿੰਘ ਬੋੜਾ , ਗੁਰਧਿਆਨ ਸਿੰਘ, ਹਰਵਿੰਦਰ ਰੱਖੜਾ, ਧਰਮਪਾਲ ਨੂਰਖੇੜੀਆਂ ਆਦਿ ਵੀ ਹਾਜ਼ਰ ਸਨ।












