ਜਿੰਦਰਾ ਜੰਗਾਲ ਖਾ ਗਿਆ!

ਸਾਹਿਤ ਪੰਜਾਬ

ਜਿੰਦਰਾ ਜੰਗਾਲ ਖਾ ਗਿਆ!

ਜੰਗ ਤਾਂ ਲੋਹੇ ਨੂੰ ਲੱਗਦਾ ਹੈ ਪਰ ਮਨੁੱਖ ਦੀ ਸੋਚ ਨੂੰ ਵੀ ਜੰਗ ਲੱਗ ਸਕਦਾ ਹੈ। ਜੰਗ ਲੱਗਣ ਤੋਂ ਪਹਿਲਾਂ ਤੇ ਬਾਅਦ ਵਿੱਚ ਬੰਦੇ ਦੀ ਸੋਚ ਨੂੰ ਜੰਗਾਲ ਲੱਗਦਾ ਹੈ। ਇਹ ਜੰਗਾਲੀ ਹੋਈ ਸੋਚ ਜਿਸ ਦੇ ਵੀ ਲਵੇ ਲੱਗਦੀ ਹੈ, ਉਸਨੂੰ ਜ਼ਰਜਰਾ ਬਣਾ ਕੇ ਰੱਖ ਦੇਂਦੀ ਹੈ। ਕਿਸੇ ਵਸਤੂ ਨੂੰ ਜੰਗਾਲ ਲੱਗਣ ਤੋਂ ਪਹਿਲਾਂ ਉਸਦੇ ਮਾਲਕ ਦੀ ਸੋਚ ਨੂੰ ਲੱਗਦਾ ਹੈ। ਸੋਚ ਨੂੰ ਜੰਗ ਤੇ ਜੰਗਾਲ ਲਗਾਉਣ ਵਾਲਿਆਂ ਦੀ ਤੁਹਾਡੇ ਆਲੇ ਦੁਆਲੇ ਹੀ ਹੁੰਦੀ ਹੈ। ਜਦੋਂ ਬਚਪਨ ਵਿੱਚ ਹੀ ਸਾਨੂੰ ਮੜੀਆਂ ਮਸਾਣਾਂ ਦੀਆਂ ਮਟੀਆਂ ਤੇ ਫ਼ੜ ਫ਼ੜ ਕੇ ਝੁਕਾਇਆ ਜਾਂਦਾ ਹੈ। ਇਹ ਝੁਕਣ ਤੇ ਰੁਕਣ ਦੀ ਆਦਤ ਸਾਨੂੰ ਬਚਪਨ ਵਿੱਚ ਹੀ ਪਾਈ ਜਾਂਦੀ ਹੈ। ਇਹ ਛੂਤਛਾਤ ਦੀ ਬੀਮਾਰੀ ਪੀੜ੍ਹੀ ਦਰ ਪੀੜ੍ਹੀ ਆਪਣੇ ਆਪ ਹੀ ਚੱਲਦੀ ਰਹਿੰਦੀ ਹੈ। ਵੱਡਿਆਂ ਦੇ ਸਤਿਕਾਰ ਲਈ ਝੁਕਣਾ ਕੋਈ ਮਾੜੀ ਗੱਲ ਨਹੀਂ ਪਰ ਹਰ ਥਾਂ ਝੁਕ ਜਾਣਾ ਆਦਤ ਹੁੰਦੀ ਹੈ। ਮਨੁੱਖ ਨੇ ਰਹਿਣ ਵਸੇਰੇ ਲਈ ਕੁੱਲੀ, ਛੱਪਰ, ਮਕਾਨ, ਕੋਠੀ, ਮਹਿਲ ਉਸਾਰੇ ਹਨ। ਹਰ ਮਨੁੱਖ ਨੇ ਆਪੋ ਆਪਣੀ ਸੋਚ ਤੇ ਪਹੁੰਚ ਅਨੁਸਾਰ ਇਹਨਾਂ ਦਾ ਨਿਰਮਾਣ ਕੀਤਾ ਹੈ। ਮਕਾਨਾਂ ਨੂੰ ਘਰ, ਪਰਵਾਰ ਨੇ ਬਣਾਇਆ ਹੈ। ਪਰਵਾਰਾਂ ਨੇ ਰਿਸ਼ਤਿਆਂ ਨੂੰ ਜਨਮ ਦਿੱਤਾ ਹੈ। ਉਹਨਾਂ ਨੇ ਇਹਨਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਪਹਿਰਾ ਵੀ ਦਿੱਤਾ ਹੈ। ਬਾਪੂ ਦਾ ਖੂੰਡਾ ਤੇ ਬੇਬੇ ਦੀ ਖੂੰਡੀ ਸੁਰੱਖਿਆ ਦਾ ਵਲਗਣ ਸੀ। ਜਿਹੜੇ ਇਹਨਾਂ ਵਲਗਣਾਂ ਵਿੱਚ ਵਸਦੇ ਰਹੇ, ਉਹ ਹੱਸਦੇ ਖੇਡਦੇ ਹੋਏ ਜੁਆਨ ਹੋਏ। ਜਿਸ ਨੇ ਇਹਨਾਂ ਵਲਗਣਾਂ ਨੂੰ ਤੋੜਿਆ ਤੇ ਉਲੰਘਿਆ ਉਹਨਾਂ ਨੂੰ ਖੱਜਲ ਖੁਆਰ ਹੋਣਾ ਪਿਆ। ਹਰ ਧਰਤੀ ਤੇ ਮਨੁੱਖ ਦੀ ਸੋਚ ਉਹ ਜਰਖੇਜ਼ ਭੂਮੀ ਹੁੰਦੀ ਹੈ, ਜਿਸ ਵਿੱਚ ਜੋ ਮਰਜ਼ੀ ਬੀਜ ਦਿਓ ਤੇ ਉਸ ਦੀ ਪਾਲਣ ਪੋਸ਼ਣ ਕਰੋ। ਉਹ ਸੋਨਾ ਚਾਂਦੀ ਬਣ ਜਾਂਦਾ ਹੈ।ਉਸ ਵੱਲ ਧਿਆਨ ਦੇਣਾ ਬੰਦ ਕਰ ਦਿਓ। ਤਾਂ ਉਥੇ ਜੰਗਲੀ ਘਾਹ ਉਗ ਆਉਂਦਾ ਹੈ। ਜਦੋਂ ਤੱਕ ਬਾਪੂ ਦਾ ਖੂੰਡਾ ਤੇ ਬੇਬੇ ਦੀ ਖੂੰਡੀ ਕਾਇਮ ਦਾਇਮ ਰਹੀ ਤਾਂ ਜ਼ਿੰਦਗੀ ਸਵਰਗ ਬਣੀ ਰਹੀ। ਜਦੋਂ ਤੋਂ ਬਾਪੂ ਦਾ ਖੂੰਡਾ ਗੁੰਮ ਹੋਇਆ ਹੈ, ਉਦੋਂ ਤੋਂ ਹੀ ਉਹ ਕੁੱਝ ਹੋ ਰਿਹਾ ਹੈ, ਜਿਸ ਨੂੰ ਸਾਡੇ ਬਜ਼ੁਰਗ ਕੰਜਰਖਾਨਾ ਕਹਿੰਦੇ ਸਨ। ਹੁਣ ਤਾਂ ਹਰ ਪਾਸੇ ਹੀ ਇਸ ਦਾ ਬੋਲਬਾਲਾ ਹੈ, ਇਸ ਕੰਜਰਪੁਣੇ ਤੋਂ ਨਾ ਧਰਮ ਬਚਿਆ ਹੈ ਤੇ ਨਾ ਧਰਮੀ ਬੰਦੇ। ਸਿਆਣੇ ਕਹਿੰਦੇ ਹਨ ਕਿ ਬੰਦੇ ਦੇ ਅੰਦਰ ਵੀ ਬਹੁਤ ਸਾਰੇ ਬੰਦੇ ਹੁੰਦੇ ਹਨ। ਇਤਿਹਾਸ ਗਵਾਹ ਹੈ, ਸਵਾ ਲੱਖ ਨਾਲ ਲੜਨ ਵਾਲਿਆਂ ਦੀਆਂ ਲੋਕ ਵਾਰਾਂ ਗਾਉਂਦੇ ਹਨ। ਗਾਉਣ ਤੇ ਵਜਾਉਣ ਦੀ ਜਦੋਂ ਦੀ ਹਨੇਰੀ ਝੁੱਲੀ ਹੈ, ਸਮਝੋ ਪਰਲੋ ਹੀ ਆ ਗਈ। ਸਬਰ, ਸੰਤੋਖ, ਨਿਮਰਤਾ, ਇਮਾਨਦਾਰੀ, ਦਿਆਨਤਦਾਰੀ, ਸਲੀਕਾ ਤੇ ਸੁਹਜ ਜਦੋਂ ਤੱਕ ਰਿਹਾ ਤਾਂ ਅਸੀਂ ਗੁਰੂ ਦੇ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿਣੇ ਵਿੱਚ ਰਹੇ। ਜਦੋਂ ਤੋਂ ਅਸੀਂ ਗੁਰੂ ਤੋਂ ਬੇਮੁੱਖ ਹੋਏ ਹਾਂ ਉਦੋਂ ਤੋਂ ਹੀ ਖੱਜਲ ਖੁਆਰ ਹੋਏ ਹਾਂ। ਜਦੋਂ ਤੱਕ ਸਾਡਾ ਆਪਣੀਆਂ ਭਾਵਨਾਵਾਂ ਉਪਰ ਕੁੰਡਾ ਸੀ, ਪੰਜ ਵਿਕਾਰਾਂ ਦੀ ਲਗਾਮ ਸਾਡੇ ਹੱਥਾਂ ਵਿੱਚ ਸੀ, ਅਸੀਂ ਜਿਉਂਦੇ ਵਸਦੇ ਰਹੇ। ਜਦੋਂ ਦਾ ਇਹ ਕੁੰਡਾ ਤੇ ਲਗਾਮਾਂ ਹੱਥੋਂ ਨਿਕਲੀਆਂ ਹਨ, ਉਦੋਂ ਤੋਂ ਹੀ ਅਸੀਂ ਮੇਲੇ ਦੇ ਲਿਫਾਫਿਆਂ ਵਾਂਗੂੰ ਉਡ ਰਹੇ ਹਾਂ। ਜਦੋਂ ਤੱਕ ਧਰਮ, ਸਿਆਸਤ ਤੇ ਸਮਾਜ ਸੇਵਾ ਰਹੀ, ਉਦੋਂ ਤੱਕ ਸਮੇਂ ਦੀਆਂ ਹਕੂਮਤਾਂ ਵੀ ਇਸ ਧਰਤੀ ਤੋਂ ਭੈਅ ਭੀਤ ਰਹੀਆਂ। ਜਦੋਂ ਦਾ ਧਰਮ, ਸਿਆਸਤ ਤੇ ਸਮਾਜ ਸੇਵਾ ਵਪਾਰ ਬਣਿਆ, ਉਦੋਂ ਤੋਂ ਉਹ ਕੁੱਝ ਵਾਪਰ ਰਿਹਾ ਹੈ, ਜਿਸਦੀਆਂ ਕਿਆਸਅਰਾਈਆਂ ਵੀ ਨਹੀਂ ਲਗਾਈਆਂ ਜਾਂਦੀਆਂ। ਜਦੋਂ ਤੱਕ ਸਾਡੇ ਖੂੰਡਾ ਮੋਢੇ ਤੇ ਰਿਹਾ, ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਸਾਡੇ ਵੱਲ ਝਾਕਿਆ ਨਹੀਂ। ਜਦੋਂ ਦਾ ਇਹ ਖੂੰਡਾ ਤੇ ਖੂੰਡੀ ਖੂੰਜੇ ਲਾਈ ਹੈ, ਉਦੋਂ ਤੋਂ ਹੀ ਕਲਯੁੱਗ ਆਇਆ ਹੈ। ਹੁਣ ਮੋਹ ਪਿਆਰ ਤੇ ਹਮਦਰਦੀ ਖੰਭ ਲਾ ਕੇ ਉੱਡ ਗਈ ਹੈ। ਘਰਾਂ ਤੇ ਦਰਾਂ, ਦਿਲ ਤੇ ਦਿਮਾਗ ਨੂੰ ਜਿੰਦਰੇ ਲੱਗ ਗਏ ਹਨ। ਜਿਹਨਾਂ ਨੂੰ ਜੰਗਾਲ ਖਾ ਰਿਹਾ ਹੈ। ਘਰਾਂ ਨੂੰ ਲੱਗੇ ਜਿੰਦੇ ਸਾਡੀ ਜ਼ਿੰਦਗੀ ਨੂੰ ਲੱਗੇ ਹਨ। ਲੋਕ ਵਿਖਾਵੇ ਲਈ ਅਸੀਂ ਬਹੁਤ ਤਰੱਕੀ ਕਰ ਲਈ ਹੈ, ਵੱਡੇ ਮੋਬਾਇਲ, ਵੱਡੀਆਂ ਕਾਰਾਂ ਤੇ ਕੋਠੀਆਂ ਖਰੀਦ ਲਈਆਂ ਹਨ ਪਰ ਖੁਦ ਆਪਣੀਆਂ ਭਾਵਨਾਵਾਂ ਤੇ ਇੱਛਾਵਾਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਇਹ ਲੋਕ ਬੋਲੀ ਤਾਂ ਉਦੋਂ ਕਿਸੇ ਮੁਟਿਆਰ ਨੇ ਪਾਈ ਸੀ, ਜਦੋਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਹੁਣ ਤਾਂ ਹਰ ਪਾਸੇ ਭਾਵਨਾਵਾਂ ਨੂੰ ਠੇਸ ਲੱਗੀ ਰਹੀ ਹੈ। ਇਹਨਾਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਮਦਾਰੀ ਮੌਕੇ ਦਾ ਫਾਇਦਾ ਉਠਾਉਂਦੇ ਹਨ। ਉਹ ਘਰਾਂ ਵਿੱਚ ਸੱਥਰ ਵਿਛਾਉਂਦੇ ਹਨ। ਹੁਣ ਮੜੀਆਂ ਮਸਾਣਾਂ ਉਤੇ ਮੇਲੇ ਲੱਗਦੇ ਹਨ, ਜਿਥੇ ਅਸਮਾਨ ਛੂੰਹਦੇ ਕੀਰਨੇ ਪਾਉਂਦੀਆਂ ਮਾਵਾਂ ਧੀਆਂ ਧਿਆਣੀਆਂ ਦਾ ਦਰਦ ਨਹੀਂ ਦੇਖਿਆ ਜਾਂਦਾ। ਦਰਦਮੰਦਾਂ ਦੇ ਦਰਦੀ ਹੁਣ ਕਬਰਾਂ ਤੇ ਮੜੀਆਂ ਮਸਾਣਾਂ ਦੀ ਉਡੀਕ ਵਿੱਚ ਬੈਠੇ ਹਨ। ਦੂਰੋਂ ਇਹ ਆਵਾਜ਼ ਕਾਲਜੇ ਧੂ ਪਾਉਂਦੀ ਹੈ।
ਜਿੰਦਰਾ ਜੰਗਾਲ ਖਾ ਗਿਆ
ਕੁੰਜੀ ਲੈ ਗਿਆ ਦਿਲਾਂ ਦਾ ਜਾਨੀ।
ਜਿੰਦਰਾ ਜੰਗਾਲ ਖਾ ਗਿਆ।
ਤੁਸੀਂ ਆਪਣੇ ਸਿਰ ਤੇ ਹੱਥ ਫੇਰ ਕੇ ਦੇਖੋ ਤੁਹਾਡੀ ਸੋਚ ਨੂੰ ਤੇ ਦਿਲ ਦੇ ਬੂਹੇ ਨੂੰ ਕੋਈ ਜਿੰਦਾ ਤਾਂ ਨਹੀਂ ਲਾ ਗਿਆ??
+++++
ਬੁੱਧ ਸਿੰਘ ਨੀਲੋਂ 
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।