ਬਟਾਲਾ, 12 ਸਤੰਬਰ,ਬੋਲੇ ਪੰਜਾਬ ਬਿਊਰੋ;
ਪਿੰਡ ਰਿਆਲੀ ਕਲਾਂ ਵਿੱਚ ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟ ਦੇ ਇਰਾਦੇ ਨਾਲ ਭਰਾ-ਭੈਣ ਦੀ ਜੋੜੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਵਿੱਚ ਭੈਣ ਦੀ ਮੌਤ ਹੋ ਗਈ। ਜਦੋਂ ਕਿ ਭਰਾ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰਪਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਭੰਗਾਲੀ ਖੁਰਦ ਆਪਣੀ ਭੈਣ ਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਸ਼ੁਕਰਪੁਰਾ ਬਟਾਲਾ ਨੂੰ ਦੇਰ ਸ਼ਾਮ ਮੋਟਰਸਾਈਕਲ ‘ਤੇ ਬਟਾਲਾ ਤੋਂ ਆਪਣੇ ਪਿੰਡ ਲੈ ਜਾ ਰਿਹਾ ਸੀ।
ਜਦੋਂ ਇਹ ਦੋਵੇਂ ਭੈਣ-ਭਰਾ ਪਿੰਡ ਰਿਆਲੀ ਕਲਾਂ ਨੇੜੇ ਪਹੁੰਚੇ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੇ ਇਰਾਦੇ ਨਾਲ ਉਨ੍ਹਾਂ ਨੂੰ ਰੋਕਿਆ ਅਤੇ ਦੋਵਾਂ ਭੈਣ-ਭਰਾਵਾਂ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮਨਦੀਪ ਕੌਰ ਦੇ ਸਿਰ ‘ਤੇ ਦਾਤਰ ਲੱਗਣ ਨਾਲ ਮੌਤ ਹੋ ਗਈ।
ਜਦੋਂ ਕਿ ਹਰਪਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਕਾਬਲ ਸਿੰਘ ਦੇ ਬਿਆਨ ਦੇ ਆਧਾਰ ‘ਤੇ ਉਕਤ ਪੁਲਿਸ ਸਟੇਸ਼ਨ ਵਿਖੇ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।












