ਫਰੀਦਕੋਟ, 12 ਸਤੰਬਰ,ਬੋਲੇ ਪੰਜਾਬ ਬਿਊਰੋ;
ਫਰੀਦਕੋਟ ਪੁਲਿਸ ਨੇ ਅਪਰਾਧਕ ਤੱਤਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦਵਿੰਦਰ ਬੰਬੀਹਾ ਗਰੁੱਪ ਨਾਲ ਜੁੜੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਨ੍ਹਾਂ ਉੱਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਨਾ ਮਿਲਣ ’ਤੇ ਫਾਇਰਿੰਗ ਕਰਨ ਦੇ ਗੰਭੀਰ ਦੋਸ਼ ਹਨ।
ਗ੍ਰਿਫਤਾਰ ਦੋਸ਼ੀਆਂ ਵਿੱਚ ਰਾਮਜੋਤ ਸਿੰਘ ਉਰਫ ਜੋਤ (ਵਾਸੀ ਮੋਗਾ) ਵੀ ਸ਼ਾਮਿਲ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰ ਬਰਾਮਦਗੀ ਦੌਰਾਨ ਉਸਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਈਆਂ, ਪਰ ਮੁਕਾਬਲੇ ਤੋਂ ਬਾਅਦ ਉਸਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਸ ਕੋਟਕਪੂਰਾ ਵਿੱਚ ਜੁਲਾਈ ਮਹੀਨੇ ਦਰਜ ਹੋਇਆ ਸੀ। ਗੈਂਗ ਦੇ ਮੈਂਬਰਾਂ ਨੇ ਇੱਕ ਵਿਅਕਤੀ ਤੋਂ ਫਿਰੌਤੀ ਮੰਗੀ ਸੀ ਅਤੇ ਰਕਮ ਨਾ ਮਿਲਣ ’ਤੇ 1 ਸਤੰਬਰ ਦੀ ਰਾਤ ਉਸਦੇ ਘਰ ਬਾਹਰ ਗੋਲੀਆਂ ਚਲਾਈਆਂ। ਇਸ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ।
ਐਸ.ਪੀ (ਇੰਨਵੈਸਟੀਗੇਸ਼ਨ) ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੀ.ਐਸ.ਪੀ ਅਰੁਣ ਮੁੰਡਨ ਅਤੇ ਡੀ.ਐਸ.ਪੀ ਕੋਟਕਪੂਰਾ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਟੈਕਨੀਕਲ ਅਤੇ ਹਿਊਮਨ ਇਨਪੁੱਟ ਦੇ ਅਧਾਰ ’ਤੇ ਕਾਰਵਾਈ ਕੀਤੀ। 7 ਸਤੰਬਰ ਨੂੰ ਲੱਕੜ ਦਾਣਾ ਮੰਡੀ, ਕੋਟਕਪੂਰਾ ਤੋਂ ਸੰਦੀਪ ਸਿੰਘ ਉਰਫ ਲਵਲੀ ਅਤੇ ਰਾਮਜੋਤ ਸਿੰਘ ਉਰਫ ਜੋਤ ਨੂੰ ਗ੍ਰਿਫਤਾਰ ਕੀਤਾ ਗਿਆ, ਦੋਵੇਂ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।












