ਮਿਤੀ 24/09/2025 ਨੂੰ ਸਾਂਝੀਆਂ ਰੈਲੀਆਂ ਕਰਕੇ ਹੁਸ਼ਿਆਰਪੁਰ ਕਤਲ ਕਾਂਡ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦਵਾਉਣ ਦੀ ਮੰਗ ਕਰਨ ਲਈ ਤੇ ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਰੱਖਣ ਦੀ ਅਪੀਲ
ਚੰਡੀਗੜ੍ਹ 21 ਸਤੰਬਰ ,ਬੋਲੇ ਪੰਜਾਬ ਬਿਊਰੋ;
ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਜਲੀ ਖੇਤਰ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ ਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕਾਮ ਐਂਡ ਟ੍ਰਾਂਸਕੋ ਆਉਟਸੋਰਸਡ ਮੁਲਾਜ਼ਮ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ। ਜਿਸ ਵਿੱਚ ਸੂਬਾ ਕਮੇਟੀ ਆਗੂ ਜਸਵਿੰਦਰ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਸੈਣੀ, ਹਰਜੀਤ ਸਿੰਘ , ਪ੍ਰਧਾਨ ਗੁਰਪ੍ਰੀਤ ਸਿੰਘ ਗੋਇੰਦਵਾਲ ਥਰਮਲ ਪਲਾਂਟ ਹਾਜਰ ਹੋਏ।
ਵੱਖ ਵੱਖ ਆਗੂਆਂ ਨੇ ਵਿਚਾਰ ਪ੍ਰਗਟ ਕਰਦੇ ਹੋਏ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਬੱਚੇ ਨਾਲ਼ ਕੀਤੀ ਦਰਿੰਦਗੀ ਪੂਰਨ ਕਾਰਵਾਈ ਦੀ ਸਖਤ ਨਿੰਦਾ ਕੀਤੀ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਸਮੁੱਚੇ ਰੈਗੂਲਰ ਮੁਲਾਜ਼ਮਾਂ ਅਤੇ ਠੇਕਾ ਕਾਮਿਆਂ ਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਬਿਨਾਂ ਸ਼ੱਕ ਉਸ ਵਿਅਕਤੀ ਵੱਲੋਂ ਕੀਤਾ ਗੁਨਾਹ ਨਾ ਬਖਸ਼ਣਯੋਗ ਹੈ ਪਰ ਇੱਕ ਵਿਅਕਤੀ ਦੇ ਅਜਿਹੇ ਗੁਨਾਹ ਨੂੰ ਉਸਦੇ ਸਮੁੱਚੇ ਭਾਈਚਾਰੇ ਨਾਲ ਜੋੜ ਕੇ ਸਮੁੱਚੇ ਭਾਈਚਾਰੇ ਨੂੰ ਲੋਕਾਂ ਦੀ ਨਫਰਤ ਦਾ ਨਿਸ਼ਾਨਾ ਬਣਾਉਣ ਵਾਲਾ ਭੜਕਾਊ ਪ੍ਰਚਾਰ ਚਲਾਉਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਹਰ ਸਮਾਜ ਵਿੱਚ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇਣ ਵਾਲੇ ਲੋਕ ਮੌਜੂਦ ਹਨ।
ਅਜਿਹਾ ਭੜਕਾਊ ਪ੍ਰਚਾਰ ਚਲਾਉਣ ਅਤੇ ਵੱਖ ਵੱਖ ਥਾਵਾਂ ‘ਤੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਪਛਾਣੇ ਜਾਣੇ ਚਾਹੀਦੇ ਹਨ। ਸਮੁੱਚੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਕੁੱਝ ਲੋਕਾਂ ਵੱਲੋਂ ਚਲਾਈ ਜਾ ਰਹੀ ਭੜਕਾਊ ਤੇ ਨਫਰਤੀ ਮੁਹਿੰਮ ਤੋਂ ਬਚਣਾ ਅਤੇ ਇਸਨੂੰ ਧੜੱਲੇ ਨਾਲ ਰੱਦ ਕਰਨਾ ਚਾਹੀਦਾ ਹੈ। ਸਮਾਜ ਵਿੱਚ ਔਰਤਾਂ, ਲੜਕੀਆਂ ਅਤੇ ਬੱਚਿਆਂ ਨਾਲ ਵਾਪਰ ਰਹੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਬਹੁਤ ਹੀ ਚਿੰਤਾਜਨਕ ਹਨ। ਲੋਕਾਂ ਦੀ ਸੁਰੱਖਿਆ ਕਰਨ ਦੇ ਹੋਕਰੇ ਮਾਰਨ ਵਾਲੀਆਂ ਸਰਕਾਰਾਂ ਅਤੇ ਪੁਲਿਸ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ‘ਚ ਨਾਕਾਮ ਰਹੀਆਂ ਹਨ। ਵੱਖ ਵੱਖ ਸਮੇਂ ‘ਤੇ ਵਾਪਰੀਆਂ ਅਜਿਹੀਆਂ ਰੂਹ ਕੰਬਾਊ ਘਟਨਾਵਾਂ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਆਉਣ ਸਮੇਂ ਸਿਆਸੀ ਪਾਰਟੀਆਂ ਵੱਲੋਂ ਹਾਰ ਪਾਕੇ ਸਵਾਗਤ ਕਰਨਾਂ, ਟਿਕਟਾਂ ਦੇ ਕੇ ਨਿਵਾਜਨ ਦੀਆਂ ਖਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ।
ਪੰਜਾਬ ਅੰਦਰ ਵਧ ਰਹੀ ਬੇਰੁਜ਼ਗਾਰੀ ,ਨਸ਼ਾ, ਅਤੇ ਹੋਰ ਅਲਾਮਤਾਂ ਬਾਰੇ ਕੁਝ ਲੋਕ ਵਿਰੋਧੀ ਤਾਕਤਾਂ ਵੱਲੋਂ ਸਭਨਾਂ ਸਮੱਸਿਆਵਾਂ ਦਾ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਦੱਸ ਕੇ ਲੋਕਾਂ ਦਾ ਧਿਆਨ ਅਸਲ ਦੁਸ਼ਮਣਾਂ ਤੋਂ ਤਿਲਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਵਾਸੀ ਮਜ਼ਦੂਰ ਪੰਜਾਬ ਦੀ ਖੇਤੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਕਿੱਤਿਆਂ ਵਿੱਚ ਅਹਿਮ ਕਾਮਾ ਸ਼ਕਤੀ ਬਣੇ ਹੋਏ ਹਨ। ਉਹਨਾਂ ਆਖਿਆ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਅਪਣਾਈਆਂ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਹੀ ਗਰੀਬੀ ਤੇ ਬੇਰੁਜ਼ਗਾਰੀ ਦੇ ਝੰਬੇ ਯੂ ਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ ਕਿਰਤੀ ਲੋਕ ਆਪਣੇ ਪਰਿਵਾਰ ਨੂੰ ਪਾਲਣ ਲਈ ਹੀ ਪੰਜਾਬ ਵੱਲ ਉਸੇ ਤਰ੍ਹਾਂ ਵਹੀਰਾਂ ਘੱਤ ਕੇ ਆਉਂਦੇ ਹਨ ਜਿਵੇਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ੀ ਧਰਤੀਆਂ ‘ਤੇ ਜਾਣ ਲਈ ਮਜਬੂਰ ਹੁੰਦੇ ਹਨ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਪ੍ਰਵਾਸੀ ਕਿਰਤੀਆਂ ਤੋਂ ਕੋਈ ਖਤਰਾ ਨਹੀਂ ਹੈ।
ਜਦਕਿ ਪੰਜਾਬ ਦੇ ਲੋਕਾਂ ਨੂੰ ਅਸਲੀ ਖਤਰਾ ਵੱਡੇ ਜਗੀਰਦਾਰਾਂ, ਸੂਦਖੋਰਾਂ, ਵੱਡੇ ਸਰਮਾਏਦਾਰਾਂ, ਸਾਮਰਾਜੀ ਕੰਪਨੀਆਂ ਅਤੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਦੋਖੀ ਨੀਤੀਆਂ ਨੂੰ ਧੱਕੇ ਦੇ ਜੋਰ ਲੋਕਾਂ ਉਪਰ ਮੜ੍ਹਣ ਵਾਲੀਆਂ ਸਾਰੀਆਂ ਰੰਗ ਬਰੰਗੀ ਹਾਕਮ ਜਮਾਤੀ ਪਾਰਟੀਆਂ, ਜਾਨ ਲੇਵਾ ਨਸ਼ਿਆਂ ਦੇ ਥੋਕ ਉਤਪਾਦਕਾਂ ਤੇ ਥੋਕ ਸਮਗਲਰਾਂ ਅਤੇ ਫਿਰਕੂ ਤਾਕਤਾਂ ਆਦਿ ਲੋਕ ਦੋਖੀ ਸ਼ਕਤੀਆਂ ਤੋਂ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਿਤੀ 24/09/2025 ਨੂੰ ਸਾਰੇ ਪੰਜਾਬ ਵਿੱਚ ਸਾਂਝੀਆਂ ਰੈਲੀਆਂ ਕਰਕੇ ਹੁਸ਼ਿਆਰਪੁਰ ਕਤਲ ਕਾਂਡ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦੀ ਮੰਗ ਕਰਨ ਲਈ ਸਮੂਹ ਮਿਹਨਤਕਸ਼ ਲੋਕਾਂ ਨੂੰ ਲੋਕ ਦੋਖੀ ਸ਼ਕਤੀਆਂ ਖਿਲਾਫ਼ ਵਿਸ਼ਾਲ ਤੇ ਸਾਂਝੇ ਘੋਲਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿੱਚੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਪੰਜਾਬ, ਰਾਜਸਥਾਨ, ਹਰਿਆਣਾ, ਯੂ.ਪੀ. ਅਤੇ ਹੋਰ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਦੀ ਉਸਰੀ ਸਾਂਝ ਕੇਂਦਰ ਦੀ ਭਾਜਪਾ ਸਰਕਾਰ ਅਤੇ ਹੋਰ ਹਾਕਮ ਜਮਾਤਾਂ ਨੂੰ ਰੜਕ ਰਹੀ ਹੈ। ਉਸ ਸਾਂਝ ਨੂੰ ਤੋੜਨ ਲਈ ਪ੍ਰਵਾਸੀ ਭਜਾਉ ਦੀ ਮੁਹਿੰਮ ਵਿੱਢੀ ਹੋਈ ਹੈ।
ਆਗੂਆਂ ਨੇ ਆਖਿਆ ਕਿ ਮੌਜੂਦਾ ਸਮੇਂ ਹੜ੍ਹਾਂ ਕਾਰਨ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਤੇ ਹੋਰਨਾਂ ਕਿਰਤੀ ਲੋਕਾਂ ਦੇ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਅਤੇ ਪਿੱਛੋਂ ਪੀੜਤਾਂ ਦੀ ਬਾਂਹ ਫੜਨ ‘ਚ ਨਕਾਮ ਰਹਿਣ ਕਾਰਨ ਜਦੋਂ ਸਮੂਹ ਪੰਜਾਬੀਆਂ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰ ਖਿਲਾਫ ਆਏ ਦਿਨ ਰੋਹ ਤਿੱਖਾ ਹੁੰਦਾ ਜਾ ਰਿਹਾ ਸੀ ਤਾਂ, ਐਨ ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਭੜਕਾਊ ਤੇ ਭਟਕਾਊ ਮੁਹਿੰਮ ਦੋਹਾਂ ਹਕੂਮਤਾਂ ਨੂੰ ਪੂਰੀ ਤਰ੍ਹਾਂ ਰਾਸ ਬੈਠਦੀ ਹੈ। ਉਹਨਾਂ ਆਖਿਆ ਕਿ ਹੜ੍ਹਾਂ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਫੇਲ੍ਹ ਹੋਣ ਤੋਂ ਬਾਅਦ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਲੋਕਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਭਰਾਤਰੀ ਭਾਵ ਨਾਲ ਧਰਮਾਂ, ਜਾਤਾਂ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਕੀਤੀ ਗਈ ਮੱਦਦ ਦੀ ਬਦੌਲਤ ਹਰਿਆਣਾ, ਯੂ ਪੀ ਤੇ ਰਾਜਸਥਾਨ ਆਦਿ ਸੂਬਿਆਂ ਦੀ ਪੰਜਾਬ ਦੇ ਲੋਕਾਂ ਨਾਲ ਮਜ਼ਬੂਤ ਹੋਈ ਭਾਈਚਾਰਕ ਏਕਤਾ ਨੂੰ ਗਿਣ ਮਿੱਥ ਕੇ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਸਭਨਾਂ ਸਮਾਜਾਂ ਅੰਦਰ ਹੀ ਕੁੱਝ ਨਾ ਕੁੱਝ ਅਪਰਾਧਿਕ ਬਿਰਤੀ ਵਾਲੇ ਮਾੜੇ ਅਨਸਰ ਮਿਲ ਜਾਂਦੇ ਹਨ ਪਰ ਉਹਨਾਂ ਕੁੱਝ ਗਲਤ ਅਨਸਰਾਂ ਕਾਰਨ ਉਸ ਸਮੁੱਚੇ ਤਬਕੇ ਦੇ ਭਾਈਚਾਰੇ ਨੂੰ ਦੋਸ਼ੀ ਗਰਦਾਨ ਕੇ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਅਮਲ ਚਲਾਉਣਾ ਪ੍ਰਵਾਨ ਕਰਨ ਯੋਗ ਨਹੀਂ। ਆਗੂਆਂ ਨੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਕਾਮਿਆਂ ਅਤੇ ਹੋਰ ਕਿਰਤੀ ਕਮਾਊ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਹਕੂਮਤਾਂ ਦੇ ਹਿੱਤਾਂ ਪੂਰਦੀ ਇਸ ਭਟਕਾਊ ਤੇ ਭੜਕਾਊ ਮੁਹਿੰਮ ਅਤੇ ਇਸ ਨੂੰ ਚਲਾਉਣ ਵਾਲੀਆਂ ਫਿਰਕੂ ਤਾਕਤਾਂ ਦੇ ਮਨਸੂਬਿਆਂ ਨੂੰ ਪਛਾਣਨ ਤੇ ਪਛਾੜਣ ਲਈ ਪੂਰੇ ਜ਼ੋਰ ਨਾਲ ਅੱਗੇ ਆਉਣ ਅਤੇ ਭੜਕਾਹਟ ‘ਚ ਆਏ ਆਮ ਲੋਕਾਂ ਨੂੰ ਸਮਝਾਉਣ ਅਤੇ ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਕਰਨ।












