ਭਗਵੰਤ ਮਾਨ ਦੀ BBMB ਤੋਂ ਬਾਅਦ ਮੌਸਮ ਵਿਭਾਗ ਨਾਲ ‘ਕੱਟੀ’
ਚੰਡੀਗੜ੍ਹ 26 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦਾ ਠੀਕਰਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਸਮ ਵਿਭਾਗ ਸਿਰ ਭੰਨਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਦੀਆਂ ਗ਼ਲਤ ਭਵਿੱਖਬਾਣੀਆਂ ਨੇ ਪੰਜਾਬ ਨੂੰ ਅੱਜ ਬਰਬਾਦ ਕਰਕੇ ਰੱਖ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੀਂਹ ਸਬੰਧੀ ਗ਼ਲਤ ਭਵਿੱਖਬਾਣੀਆਂ ਹੜ੍ਹਾਂ ਦਾ ਮੁੱਖ ਕਾਰਨ ਬਣੀਆਂ। ਮੌਸਮ ਵਿਭਾਗ ਦੀਆਂ ਗ਼ਲਤ ਭਵਿੱਖਬਾਣੀਆਂ ਕਾਰਨ ਅਚਾਨਕ ਜ਼ਿਆਦਾ ਮੀਂਹ ਪੈਣ ਨਾਲ ਪੰਜਾਬ ਵਿੱਚ ਇਤਿਹਾਸਕ ਹੜ੍ਹ ਆਏ, ਜੋ ਕਦੇ ਵੀ ਪਹਿਲਾਂ ਨਹੀਂ ਵੇਖੇ ਗਏ।
ਭਗਵੰਤ ਮਾਨ ਨੇ ਮੌਸਮ ਵਿਭਾਗ (IMD) ਤੇ ਤਿੱਖਾ ਹਮਲਾ ਕੀਤਾ ਕਿ, ਇਨ੍ਹਾਂ ਨੇ ਪਤਾ ਨਹੀਂ ਕਿਹੜੇ ਕੋਠੇ ਤੇ ਮੀਂਹ ਦੀ ਭਵਿੱਖਬਾਣੀ ਕਰਨ ਵਾਲੀਆਂ ਡਿੰਸ਼ਾਂ ਲਾਈਆਂ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਚੇਲੇ ਹੀ ਲਗਦਾ ਹੈ ਕਿ ਆਈਐਮਡੀ ਵਿੱਚ ਨਿਯੁਕਤ ਕੀਤੇ ਹਨ, ਜੋ ਗ਼ਲਤ ਭਵਿੱਖਬਾਣੀਆਂ ਕਰਦੇ ਹਨ। ਭਗਵੰਤ ਮਾਨ ਨੇ ਤਾਂ, ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਾਨੂੰ ਇਨ੍ਹਾਂ ਦੀ ਚਾਲ ਦਾ ਪਹਿਲਾਂ ਪਤਾ ਹੁੰਦਾ, ਅਸੀਂ ਗੂਗਲ ਤੋਂ ਮੌਸਮ ਦਾ ਹਾਲ ਜਾਣ ਲੈਂਦੇ, ਪਰ ਇਨ੍ਹਾਂ ਨੇ ਸਾਡੇ ਪੰਜਾਬ ਨਾਲ ਧੋਖਾ ਕੀਤਾ ਹੈ।
ਮਾਨ ਨੇ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਨ੍ਹਾਂ ਸੈਸ਼ਨ ਰਾਜਨੀਤੀ ਜਾਂ ਗਾਲਾਂ ਲਈ ਨਹੀਂ ਸੱਦਿਆ। ਹੜ੍ਹਾਂ ਨੇ ਘਰਾਂ ਨੂੰ ਤਬਾਹ ਕਰ ਦਿੱਤਾ, ਪਸ਼ੂਆਂ ਸਮੇਤ ਲੋਕਾਂ ਦੇ ਸੁਪਨੇ ਵੀ ਰੁੜ ਗਏ। ਉਨ੍ਹਾਂ ਕਿਹਾ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਚਿੱਟਾ ਹਾਥੀ ਬਣ ਗਿਆ, ਜਿਸ ਦਾ ਪੂਰਾ ਖਰਚਾ ਪੰਜਾਬ ਚੁੱਕਦਾ ਹੈ। ਵਿਰੋਧੀਆਂ ਨੇ ਹੜ੍ਹਾਂ ਵਿੱਚ ਸਿਰਫ ਫੋਟੋਆਂ ਖਿਚਵਾਈਆਂ, ਜਦਕਿ ਕੰਮ ਸਾਡੇ ਦੇ ਮੰਤਰੀਆਂ-ਵਿਧਾਇਕਾਂ ਨੇ ਕੀਤਾ।
ਮਾਨ ਨੇ ਵਿਰੋਧੀਆਂ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ, ਜਿਨ੍ਹਾਂ ਨੇ ਉਨ੍ਹਾਂ ਦੀ ਬੀਮਾਰੀ ਦਾ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਲਾਨ ਤੋਂ ਬਾਅਦ ਵੀ ਪੈਸੇ ਨਹੀਂ ਦਿੱਤੇ ਅਤੇ ਉਨ੍ਹਾਂ ਨੂੰ ਇੱਕ ਮਹੀਨੇ ਬਾਅਦ ਪੰਜਾਬ ਦੀ ਯਾਦ ਆਈ।
ਉਨ੍ਹਾਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਵੀ ਹਮਲਾ ਕੀਤਾ, ਅਤੇ ਕਿਹਾ ਕਿ ਟਰੰਪ ਭਾਰਤੀਆਂ ਨੂੰ ਬਾਹਰ ਕੱਢ ਰਿਹਾ ਹੈ, ਪਾਕਿਸਤਾਨ ਨਾਲ ਜੰਗ ਵੇਲੇ ਕੋਈ ਦੇਸ਼ ਸਾਡੇ ਨਾਲ ਨਹੀਂ ਖੜ੍ਹਾ ਹੋਇਆ। ਉਨ੍ਹਾਂ ਪ੍ਰਧਾਨ ਮੰਤਰੀ ‘ਤੇ ਤੰਜ ਕਸਦਿਆਂ ਕਿਹਾ ਕਿ ਉਹ ਮੁਲਕਾਂ ਦੀ ਸੈਰ ਕਰਦੇ ਰਹਿੰਦੇ ਹਨ, ਸਿਰਫ ਧਰਤੀ ਦੇ ਗੇੜੇ ਕੱਢਦੇ ਹਨ।
ਮਾਨ ਨੇ ਕਾਂਗਰਸ ‘ਤੇ ਵੀ ਵਾਰ ਕੀਤਾ, ਅਤੇ ਕਿਹਾ ਕਿ 2017-2022 ਦਾ ਹਿਸਾਬ ਕਿਸ ਤੋਂ ਮੰਗੀਏ, ਜਦਕਿ ਸਾਰੇ ਕਾਂਗਰਸੀ ਬੀਜੇਪੀ ਵਿੱਚ ਚਲੇ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਬਦਲਾਖੋਰ ਨਹੀਂ, ਸਿਰਫ ਪੰਜਾਬ ਦੀ ਭਲਾਈ ਲਈ ਕੰਮ ਕਰ ਰਹੇ ਹਨ।












