ਆਦਰਸ਼ ਸਕੂਲ ਚਾਉਕੇ ਦੇ ਸਟਾਫ ਨੂੰ ਜ਼ਲੀਲ ਕਰਨ ਦੀਆਂ ਸਾਰੀਆਂ ਹੱਦਾਂ ਬਠਿੰਡਾ ਪ੍ਰਸ਼ਾਸਨ ਨੇ ਕੀਤੀਆਂ ਪਾਰ
ਡੀ ਟੀ ਐੱਫ ਪੰਜਾਬ ਨੇ ਆਦਰਸ਼ ਸਕੂਲ ਚਾਉਕੇ ਦੇ ਸਟਾਫ ਨਾਲ ਖੜ੍ਹਨ ਦਾ ਲਿਆ ਫੈਸਲਾ
ਬਠਿੰਡਾ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਆਦਰਸ਼ ਸਕੂਲ ਚਾਉਕੇ ਪੀ ਪੀ ਪੀ ਮੋਡ ਬਠਿੰਡਾ ਦਾ ਸਟਾਫ ਪਿਛਲੇ ਚਾਰ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਕੂਲ ਦੀ ਛੱਤ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹਿਆ ਹੋਇਆ ਹੈ। ਉਹਨਾਂ ਦੀਆਂ ਮੁੱਖ ਮੰਗਾਂ ਪਿਛਲੇ ਸੰਘਰਸ਼ ਵਿੱਚੋਂ ਰਹਿੰਦੇ ਦੋ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰਵਾਉਣਾ, ਸੀਨੀਔਰਟੀ ਅਨੁਸਾਰ ਮੁੜ ਬਹਾਲੀ ਤਹਿਤ ਆਪਣੇ ਨਾਮ ਅਤੇ ਅਹੁਦੇ ਦਰਜ ਕਰਵਾਉਣਾ, ਮੈਨੇਜਮੈਂਟ ਦੇ ਸੈਲਰੀ ਕੱਟ ਤੋਂ ਪਹਿਲਾਂ ਮਿਲਦੀ ਪੂਰੀ ਤਨਖਾਹ ਬਹਾਲ ਕਰਵਾਉਣਾ, ਪਿਛਲੇ ਸੰਘਰਸ਼ ਵਿੱਚੋਂ ਪੰਜ ਮਹੀਨਿਆਂ ਤੋਂ ਜੇਲ੍ਹ ਵਿੱਚ ਸੁੱਟੇ ਹੋਏ ਦੋ ਕਿਸਾਨਾਂ ਨੂੰ ਰਿਹਾਅ ਕਰਵਾਉਣਾ, ਸਕੂਲ ਦੀ ਭ੍ਰਿਸ਼ਟ ਅਤੇ ਅਯੋਗ ਪ੍ਰਿੰਸੀਪਲ ਉੱਪਰ ਕਾਰਵਾਈ ਕਰਵਾਉਣਾ, ਪਿਛਲੇ ਸੰਘਰਸ਼ ਵਿੱਚ ਦੋਸ਼ੀ ਪਾਈ ਗਈ ਪ੍ਰਾਈਵੇਟ ਮੈਨੇਜਮੈਂਟ ਉਪਰ ਪਰਚਾ ਦਰਜ ਕਰਵਾਉਣਾ ਆਦਿ ਹਨ।
ਆਦਰਸ਼ ਸਕੂਲ ਚਾਉਕੇ ਦੇ ਮਾਮਲੇ ‘ਤੇ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾਈ ਮੀਤ ਪ੍ਰਧਾਨਾਂ ਜਗਪਾਲ ਬੰਗੀ ਅਤੇ ਬੇਅੰਤ ਫੁੱਲੇਵਾਲਾ ਨੇ ਦੱਸਿਆ ਕਿ ਬੀਤੇ ਕੱਲ੍ਹ ਆਦਰਸ਼ ਸਕੂਲ ਅਧਿਆਪਕਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਹੋਈ ਹੈ, ਜਿਸ ਵਿੱਚ ਦੋ ਅਧਿਆਪਕਾਂ ਨੂੰ ਮੌਕੇ ‘ਤੇ ਬਹਾਲ ਕਰਨਾ ਅਤੇ ਅਧਿਆਪਕਾਂ ਦੀ ਸੀਨੀਔਰਟੀ ਬਹਾਲ ਕਰਵਾਉਣ ਸੰਬੰਧੀ ਸਹਿਮਤੀ ਬਣੀ ਅਤੇ ਬਾਕੀ ਮੰਗਾਂ ਜਲਦ ਪੂਰੀਆਂ ਕਰਵਾਉਣ ਦਾ ਭਰੋਸਾ ਮਿਲਿਆ, ਜਿਸ ਉਪਰੰਤ ਆਦਰਸ਼ ਸਕੂਲ ਯੂਨੀਅਨ ਦਾ ਵਫ਼ਦ ਚੰਡੀਗੜ੍ਹ ਤੋਂ ਸਿੱਧਾ ਬਠਿੰਡਾ ਆਦਰਸ਼ ਸਕੂਲ ਚਾਉਕੇ ਦੇ ਪ੍ਰਬੰਧਕ ਏਡੀਸੀ ਬਠਿੰਡਾ ਨਰਿੰਦਰ ਸਿੰਘ ਧਾਲੀਵਾਲ ਨੂੰ ਦੇਰ ਸ਼ਾਮ ਮਿਲਿਆ ਪਰ ਉਹਨਾਂ ਵੱਲੋਂ ਮੰਗਾਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਡੀ ਟੀ ਐਫ ਦੀ ਆਦਰਸ਼ ਸਕੂਲ ਦੇ ਸਟਾਫ ਨਾਲ ਹੋਈ ਗੱਲਬਾਤ ਅਨੁਸਾਰ ਸਟਾਫ ਨੇ ਦੱਸਿਆ ਕਿ ਪਿਛਲੇ ਸਾਲ ਅਧਿਆਪਕਾਂ ਤੋਂ ਕੈਸ਼ ਬੈਕ ਕਰਵਾਉਣ ਦੇ ਲਈ ਇੱਕ ਓਵਰਏਜ ਅਤੇ ਅਯੋਗ ਉਮੀਦਵਾਰ ਨੂੰ ਪ੍ਰਿੰਸੀਪਲ ਬਿਨਾਂ ਕਿਸੇ ਭਰਤੀ ਤੋਂ ਬਣਾ ਦਿੱਤਾ ਗਿਆ ਹੈ। ਜਿਸ ਉਪਰੰਤ ਉਪਰੋਕਤ ਪ੍ਰਿੰਸੀਪਲ ਵੱਲੋਂ ਕੁੱਝ ਹੋਰ ਅਨਸਰਾਂ ਨਾਲ ਮਿਲਕੇ ਲਗਾਤਾਰ ਸਕੂਲ ਸਟਾਫ਼ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਸਟਾਫ ਨੇ ਇਹ ਵੀ ਦੱਸਿਆ ਕਿ 1 ਅਕਤੂਬਰ 2025 ਨੂੰ ਓਹਨਾਂ ਵੱਲੋਂ ਸਕੂਲ ਪ੍ਰਿੰਸੀਪਲ ਦੀ ਅਯੋਗਤਾ ਸਬੰਧੀ ਕਾਗਜਾਤ ਸਕੂਲ ਪ੍ਰਬੰਧਕ ਏਡੀਸੀ ਬਠਿੰਡਾ ਨੂੰ ਸੌਂਪੇ ਗਏ ਪਰ ਅੱਜ ਤੱਕ ਉਹਨਾਂ ਵੱਲੋਂ ਕੋਈ ’ਕਾਰਨ ਦੱਸੋ’ ਨੋਟਿਸ ਵੀ ਅਜੇ ਤੱਕ ਪ੍ਰਿੰਸੀਪਲ ਨੂੰ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਅੱਜ ਸੰਘਰਸ਼ ਦੇ ਚੌਥੇ ਦਿਨ ਅਧਿਆਪਕਾ ਰਮਨਦੀਪ ਕੌਰ ਲਗਾਤਾਰ ਧੁੱਪ ਵਿੱਚ ਬੈਠਣ ਕਾਰਨ ਬੇਹੋਸ਼ ਹੋ ਗਈ ਜਿਸ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਇਸ ਪੂਰੇ ਘਟਨਾਕ੍ਰਮ ਤੋਂ ਇਹ ਲੱਗਦਾ ਹੈ ਕਿ ਬਠਿੰਡਾ ਪ੍ਰਸ਼ਾਸਨ ਨੂੰ ਅਧਿਆਪਕਾਂ ਤੇ ਬਾਕੀ ਸਟਾਫ ਦੀ ਜ਼ਿੰਦਗ਼ੀ ਦੀ ਕੋਈ ਪਰਵਾਹ ਨਹੀਂ ਹੈ ਅਤੇ ਨਾ ਹੀ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਬਣਦੀ ਜਿੰਮਵਾਰੀ ਤੋਂ ਕੰਮ ਲੈ ਰਹੀ ਹੈ, ਸਗੋਂ ਆਪਸੀ ਮਿਲੀਭੁਗਤ ਕਰਕੇ ਆਦਰਸ਼ ਸਕੂਲ ਚਾਉਕੇ ਦੇ ਸਟਾਫ਼ ਨੂੰ ਬਣਦੇ ਹੱਕ ਦੇਣ ਤੋਂ ਟਾਲਮਟੋਲ ਕੀਤੀ ਜਾ ਰਹੀ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਅਧਿਆਪਕਾਂ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਸ ਮਾਮਲੇ ਦਾ ਵਾਜਿਬ ਹੱਲ ਕਰਕੇ ਸੰਘਰਸ਼ੀ ਅਧਿਆਪਕਾਂ ਨਾਲ ਇਨਸਾਫ ਕਰਨ ਅਤੇ ਬੇਲਗਾਮ ਹੋਏ ਬਠਿੰਡਾ ਪ੍ਰਸ਼ਾਸ਼ਨ ‘ਤੇ ਲਗਾਮ ਪਾਉਣ ਦੀ ਮੰਗ ਕੀਤੀ ਹੈ।












