ਭੋਪਾਲ, 9 ਅਕਤੂਬਰ,ਬੋਲੇ ਪੰਜਾਬ ਬਿਊਰੋ;
ਮੱਧ ਪ੍ਰਦੇਸ਼ ਵਿੱਚ ਬੱਚਿਆਂ ਦੀ ਜਾਨ ਲੈ ਰਹੇ ‘ਕੋਲਡ੍ਰਿਫ’ ਖੰਘ ਦੇ ਸਿਰਪ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਪੁਲਿਸ ਨੇ ਤਾਮਿਲਨਾਡੂ ਦੇ ਚੇਨਈ ਤੋਂ ਸ਼੍ਰਰੀਸਨ ਮੈਡੀਕਲ ਕੰਪਨੀ ਦੇ ਮਾਲਕ ਐਸ. ਰੰਗਨਾਥਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਛਿੰਦਵਾੜਾ ਦੇ ਐਸ.ਪੀ. ਅਜੈ ਪਾਂਡੇ ਨੇ ਐਲਾਨ ਕੀਤਾ ਸੀ ਕਿ ਰੰਗਨਾਥਨ ਦੀ ਗ੍ਰਿਫ਼ਤਾਰੀ ਲਈ 20 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਪੁਲਿਸ ਨੇ ਬੀਤੀ ਰਾਤ ਉਸ ਨੂੰ ਚੇਨਈ ਵਿੱਚ ਕਾਬੂ ਕੀਤਾ।
ਐਸ.ਪੀ. ਅਜੈ ਪਾਂਡੇ ਨੇ ਦੱਸਿਆ ਕਿ ਰੰਗਨਾਥਨ ਨੂੰ ਚੇਨਈ ਦੀ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਨੂੰ ਛਿੰਦਵਾੜਾ ਲਿਆਂਦਾ ਜਾਵੇਗਾ ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ‘ਕੋਲਡ੍ਰਿਫ’ ਸਿਰਪ ਪੀਣ ਨਾਲ ਹੁਣ ਤੱਕ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਇਸ ਮਾਮਲੇ ਨੇ ਸਿਹਤ ਵਿਭਾਗ ਤੇ ਦਵਾਈ ਨਿਰਮਾਤਾ ਕੰਪਨੀਆਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।














