ਸੁਪਰੀਮ ਕੋਰਟ ਦੇ ਚੀਫ਼ ਜਸਟਿਸ ‘ਤੇ ਹਮਲੇ ਖ਼ਿਲਾਫ਼ ਜਮਹੂਰੀ ਤਾਕਤਾਂ ਨੂੰ ਆਵਾਜ਼ ਉਠਾਉਣ ਦਾ ਸੱਦਾ

ਪੰਜਾਬ

ਫਤਿਹਗੜ੍ਹ ਸਾਹਿਬ,9, ਅਕਤੂਬਰ (ਮਲਾਗਰ ਖਮਾਣੋਂ;)

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ.ਆਰ. ਗਵਈ ਉਪਰ ਚੱਲਦੀ ਅਦਾਲਤ ਮੌਕੇ ਇੱਕ ਵਕੀਲ ਵੱਲੋਂ ਜੁੱਤੀ ਸੁੱਟੇ ਜਾਣ ਦੀ ਘਟਨਾ ‘ਤੇ ਟਿੱਪਣੀ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਦਲਿਤ ਵਰਗ ਨਾਲ ਸਬੰਧਤ ਚੀਫ਼ ਜਸਟਿਸ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਅਸਲ ‘ਚ ਦੱਬੇ, ਕੁਚਲੇ, ਵਿਤਕਰੇ, ਅਨਿਆ ਅਤੇ ਜ਼ਬਰ ਜ਼ੁਲਮ ਦੇ ਭੰਨੇ ਭਾਰਤੀ ਸਮਾਜ ਨੂੰ ਚਿਤਾਵਨੀ ਹੈ ਕਿ ਮੁਕੰਮਲ ਜ਼ੁਬਾਨਬੰਦੀ ਦਾ ਮੌਸਮ ਸਾਡੇ ਚੁੱਲ੍ਹੇ ਚੌਂਕੇ ਤੱਕ ਆਣ ਪੁੱਜਾ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਵਿਚਾਰ-ਵਟਾਂਦਰੇ ਉਪਰੰਤ ਜਾਰੀ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਅਜੇਹਾ ਦਮ ਘੁੱਟਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ ਜਿੱਥੇ ਸੰਵਿਧਾਨ, ਕਾਨੂੰਨ ਅਤੇ ਨਿਆਂ ਪ੍ਰਣਾਲੀ ਦੇ ਪਹਿਰੇਦਾਰ ਵੀ ਚੋਟ ਨਿਸ਼ਾਨੇ ‘ਤੇ ਨੇ ਅਤੇ ਉਹਨਾਂ ਦੇ ਮਨਾਂ ‘ਚ ਘਰ ਕਰ ਰਿਹਾ ਭੈਅ ਦਾ ਆਲਮ, ਭਵਿੱਖ਼ ਵਿੱਚ ਲੋਕਾਂ ਤੋਂ ਭਾਰੀ ਕੀਮਤ ਵਸੂਲੇਗਾ।
ਉਹਨਾਂ ਕਿਹਾ ਕਿ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਅਨੁਸਾਰ ਸੁਪਰੀਮ ਕੋਰਟ ਦੇ ਵਕੀਲ ‘ਤੇ ਜੁੱਤੀ ਸੁੱਟਣ ਨਾਲੋਂ ਵੀ ਵਧੇਰੇ ਜਲੀਲਤਾ ਭਰੇ ਸ਼ਬਦਾਂ ਦਾ ਹਮਲਾ ਕੀਤਾ ਜਾ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਬੁਲਡੋਜ਼ਰ ਕਲਚਰ ਖ਼ਿਲਾਫ਼ ਟਿੱਪਣੀ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਨੂੰ ਅਸਲ ‘ਚ ਸਬਕ ਸਿਖਾਇਆ ਜਾ ਰਿਹਾ ਹੈ। ਕਮੇਟੀ ਦਾ ਵਿਚਾਰ ਹੈ ਕਿ ਇਹ ਸਿਰਫ਼ ਇੱਕ ਚੀਫ਼ ਜਸਟਿਸ ‘ਤੇ ਨਹੀਂ ਸਗੋਂ ਸਮੂਹ ਜੱਜਾਂ, ਸੁਪਰੀਮ ਕੋਰਟ, ਹਾਈ ਕੋਰਟਾਂ ਸਮੁੱਚੀ ਨਿਆਂ ਪ੍ਰਣਾਲੀ ਉਪਰ ਹਮਲਾ ਹੈ ਅਤੇ ਖ਼ਾਸ ਕਰਕੇ ਸਮਾਜ ਦੀ ਸਦੀਆਂ ਤੋਂ ਪੀੜਤ ਸ਼੍ਰੇਣੀ ਉਪਰ ਹਮਲਾ ਕਰਕੇ ਉਸਨੂੰ ਚਿਤਾਵਨੀ ਦੇਣਾ ਹੈ ਕਿ ਖ਼ਬਰਦਾਰ ਜੇਕਰ ਸਮਾਜ ਦੀਆਂ ਬੁਨਿਆਦੀ ਅਤੇ ਰੋਜ਼ ਮਰ੍ਹਾ ਦੀਆਂ ਸਮੱਸਿਆਵਾਂ, ਸਿੱਖਿਆ, ਸਿਹਤ, ਰੁਜ਼ਗਾਰ, ਜੰਗਲ, ਜਲ, ਜ਼ਮੀਨ, ਜਮਹੂਰੀ ਹੱਕਾਂ ਦੀ ਗੱਲ ਕੀਤੀ ਕਿਉਂਕਿ ਸਾਡੇ ਹੱਥ ਐਨੇ ਲੰਮੇ ਨੇ ਅਸੀਂ ਤਾਂ ਸੁਪਰੀਮ ਕੋਰਟ ਦੀ ਸਿਰਮੌਰ ਸ਼ਖ਼ਸੀਅਤ ਤੇ ਵੀ ਜੁੱਤੀ ਸੁੱਟਣ ਵਾਲਿਆਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਇਨਸਾਫ਼ ਅਤੇ ਜਮਹੂਰੀਅਤ ਪਸੰਦ ਅਤੇ ਲੋਕ-ਹਿਤੈਸ਼ੀ ਤਾਕਤਾਂ, ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਆਪਣੇ ਮਹਾਨ ਗ਼ਦਰੀ ਅਤੇ ਆਜ਼ਾਦੀ ਸੰਗਰਾਮ ਦੇ ਸਾਂਝੇ, ਮਾਣਮੱਤੇ ਵਿਰਸੇ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਲਈ ਬੇਖੌਫ਼ ਹੋ ਕੇ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।