ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਗੈਵੀ ਚਾਹਲ ਨੇ ਪਟਿਆਲਾ ਵਿਖੇ ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ
ਪਟਿਆਲਾ 12 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਗੈਵੀ ਚਹਿਲ ਵੱਲੋਂ ਪਟਿਆਲਾ ਦੇ ਮੁੱਖ ਰੋਡ ‘ਤੇ ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਰਾਜਵੀਰ ਜਵੰਦਾ ਦੀ ਦਰਦਨਾਕ ਮੌਤ ਤੋਂ ਬਾਅਦ ਕੀਤਾ ਗਿਆ, ਜਿਸ ਦੀ ਜਾਨ ਵੀ ਆਵਾਰਾ ਪਸ਼ੂਆਂ ਲੜਾਈ ਕਾਰਨ ਗਈ ਸੀ। ਪ੍ਰਦਰਸ਼ਨ ਦੌਰਾਨ ਗੈਵੀ ਚਹਿਲ ਨੇ ਸਰਕਾਰ ਅਤੇ ਪ੍ਰਸ਼ਾਸਨ ‘ਤੇ ਲਾਪਰਵਾਹੀ ਅਤੇ ਅਣਗਹਿਲੀ ਦੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਸਮੇਂ ‘ਤੇ ਕਾਰਵਾਈ ਕਰਦਾ ਤਾਂ ਇਸ ਤਰ੍ਹਾਂ ਦੇ ਦੁਖਦਾਈ ਹਾਦਸੇ ਨਾਂ ਹੁੰਦੇ।
“ਇਹ ਸਿਰਫ਼ ਸਰਕਾਰ ਦੀ ਗ਼ਲਤੀ ਨਹੀਂ, ਸਾਡੀ ਵੀ ਜ਼ਿੰਮੇਵਾਰੀ ਹੈ, ਅਸੀਂ ਸਾਰੇ ਮਿਲ ਕੇ ਆਪਣੀ ਆਵਾਜ਼ ਨਹੀਂ ਉਠਾਉਂਦੇ, ਜਿਸ ਕਰਕੇ ਨਾ ਤਾਂ ਸਾਡੀ ਗੱਲ ਸਰਕਾਰ ਤੱਕ ਪਹੁੰਚਦੀ ਹੈ ਅਤੇ ਨਾ ਹੀ ਕੋਈ ਢੁੱਕਵੀਂ ਕਾਰਵਾਈ ਹੁੰਦੀ ਹੈ।”
ਉਨ੍ਹਾਂ ਕਿਹਾ ਕਿ ਪਟਿਆਲਾ ਸਮੇਤ ਪੂਰੇ ਪੰਜਾਬ ਵਿੱਚ ਆਵਾਰਾ ਪਸ਼ੂਆਂ ਦਾ ਮੁੱਦਾ ਹਰ ਰੋਜ਼ ਗੰਭੀਰ ਰੂਪ ਧਾਰ ਰਿਹਾ ਹੈ। ਇਹ ਪਸ਼ੂ ਸੜਕਾਂ ‘ਤੇ ਖੁੱਲ੍ਹੇ ਘੁੰਮਦੇ ਹਨ, ਜੋ ਟ੍ਰੈਫਿਕ ਹਾਦਸਿਆਂ ਦਾ ਕਾਰਨ ਬਣਦੇ ਹਨ। ਕਈ ਘਰਾਂ ਵਿੱਚ ਮੌਤਾਂ ਅਤੇ ਸੱਟਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਪ੍ਰਸ਼ਾਸਨ ਦੀ ਚੁੱਪੀ ਹਾਲੇ ਵੀ ਬਰਕਰਾਰ ਹੈ।
ਗੈਵੀ ਚਹਿਲ ਨੇ ਇੱਕ ਹੋਰ ਸੰਵੇਦਨਸ਼ੀਲ ਮੁੱਦਾ ਵੀ ਚੁੱਕਿਆ, ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਤੋਂ “ਗਊ ਟੈਕਸ” ਵਸੂਲਦੀ ਹੈ, ਜੋ ਕਿ ਗਾਂਵਾਂ ਅਤੇ ਹੋਰ ਪਸ਼ੂਆਂ ਦੀ ਸੰਭਾਲ ਲਈ ਵਰਤਿਆ ਜਾਣਾ ਚਾਹੀਦਾ ਹੈ। ਪਰ ਹਕੀਕਤ ਇਹ ਹੈ ਕਿ ਸੜਕਾਂ ‘ਤੇ ਸੈਂਕੜੇ ਗਾਂਵਾਂ, ਵੱਛੜੇ ਅਤੇ ਬਲਦ ਬੇਸਹਾਰੇ ਫਿਰਦੇ ਹਨ।
“ਜੇ ਸਰਕਾਰ ਸੱਚਮੁੱਚ ਇਹ ਟੈਕਸ ਲੋਕਾਂ ਦੀ ਭਲਾਈ ਅਤੇ ਪਸ਼ੂਆਂ ਦੀ ਦੇਖਭਾਲ ਲਈ ਵਰਤਦੀ, ਤਾਂ ਅਜਿਹੇ ਹਾਦਸੇ ਕਦੇ ਨਾ ਹੁੰਦੇ।”
ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਭਾਰਤ ਵਿੱਚ ਲਗਭਗ 50 ਹਜ਼ਾਰ ਤੋਂ 1 ਲੱਖ ਲੋਕਾਂ ਦੀ ਮੌਤ ਆਵਾਰਾ ਪਸ਼ੂਆਂ ਕਾਰਨ ਹੋ ਜਾਂਦੀ ਹੈ। ਰਾਜਵੀਰ ਜਵੰਦਾ ਦਾ ਮਾਮਲਾ ਤਾਂ ਮੀਡੀਆ ਵਿੱਚ ਆ ਗਿਆ, ਪਰ ਹੋਰ ਕਿੰਨੇ ਘਰਾਂ ਵਿੱਚ ਅਜਿਹੇ ਦੁੱਖ ਛੁਪੇ ਹੋਏ ਹਨ, ਇਸਦਾ ਕਿਸੇ ਨੂੰ ਪਤਾ ਹੀ ਨਹੀਂ।
ਅੰਤ ਵਿੱਚ ਗੈਵੀ ਚਹਿਲ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ।
“ਜੇ ਅਸੀਂ ਚੁੱਪ ਰਹੇ ਤਾਂ ਕੱਲ੍ਹ ਕਿਸੇ ਹੋਰ ਦੇ ਘਰ ਵੀ ਅਜਿਹਾ ਹੀ ਸੋਗ ਬਣੇਗਾ। ਆਓ, ਇਸ ਸਮਾਜਕ ਜ਼ਿੰਮੇਵਾਰੀ ਨੂੰ ਸਮਝੀਏ ਅਤੇ ਇੱਕ ਸੁਰੱਖਿਅਤ ਅਤੇ ਸੁਖੀ ਪੰਜਾਬ ਬਣਾਈਏ।”












