ਫਤਿਹਗੜ੍ਹ ਸਾਹਿਬ,22, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੇ ਗੀਤਾਂ, ਕਵਿਤਾਵਾਂ, ਕਹਾਣੀਆਂ ਅਤੇ ਹੋਰ ਵਿਧਾਵਾਂ ਸਮੇਤ ਦੋ ਪੁਸਤਕਾਂ “ਹੇਮਕੁੰਟ ਪਰਬਤ ਹੈ ਜਹਾਂ” ਵਾਰਤਕ ਅਤੇ “ਯਖ਼ ਰਾਤਾਂ ਪੋਹ ਦੀਆਂ” ਨਾਲ ਉੱਘਾ ਯੋਗਦਾਨ ਪਾਉਣ ਅਤੇ ਸਰਕਾਰੀ ਮਹਿਕਮੇ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਇੰਜੀ ਸਤਨਾਮ ਸਿੰਘ ਮੱਟੂ ਨੂੰ ਸਾਹਿਤ ਅਤੇ ਭਾਸ਼ਾ ਲਈ ਇੰਡਕ ਆਰਟਸ ਵੈਲਫੇਅਰ ਕੌਂਸਲ (ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ) ਵੱਲੋਂ 28 ਅਕਤੂਬਰ ਨੂੰ ਕੋਟਕਪੁਰਾ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਆਈ ਏ ਡਬਲਿਊ ਸੀ ਰਤਨ ਸਟੇਟ ਅਵਾਰਡ-2025 ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਕਲਾ ਅਤੇ ਸਾਹਿਤ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ ਰੋਪੜ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਉੱਪ ਇੰਜੀਨੀਅਰ ਦੀਆਂ ਸੇਵਾਵਾਂ ਨਿਭਾ ਰਹੇ ਲੇਖਕ ਸਤਨਾਮ ਸਿੰਘ ਮੱਟੂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੌਂਸਲ ਦੇ ਚੇਅਰਮੈਨ/ਡਾਇਰੈਕਟਰ ਡਾ.ਭੋਲਾ ਯਮਲਾ ਅਤੇ ਇਕਬਾਲ ਸਿੰਘ ਸਹੋਤਾ ਭਾਸ਼ਾ ਇੰਚਾਰਜ ਨੇ ਦੱਸਿਆ ਕਿ ਇਹ ਸੰਸਥਾ ਕਲਾ, ਸਾਹਿਤ, ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀਆਂ ਦੇ ਕੀਤੇ ਕਾਰਜਾਂ ਦੇ ਮੱਦੇਨਜ਼ਰ ਉਤਸ਼ਾਹਿਤ ਕਰਨ ਲਈ ਹਰ ਸਾਲ ਸਨਮਾਨ ਦਿੰਦੀ ਹੈ।ਇਸ ਵਾਰ ਹੋਰ ਸ਼ਖ਼ਸੀਅਤਾਂ ਨਾਲ ਇੰਜੀ ਮੱਟੂ ਦੀਆਂ ਸਮਾਜ, ਪੰਜਾਬ, ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਲਈ ਕਾਰਜਾਂ ਨੂੰ ਦੇਖਦੇ ਹੋਏ ਸਨਮਾਨਿਤ ਕਰਨ ਦਾ ਮਾਣ ਮਹਿਸੂਸ ਕਰਦੇ ਹਾਂ। ਇਹਨਾਂ ਦੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਲੇਖ, ਕਵਿਤਾਵਾਂ ਅਤੇ ਗੀਤਾਂ ਤੋਂ ਇਲਾਵਾ ਵਾਤਾਵਰਨ, ਇਤਿਹਾਸ,ਪਾਣੀ ਅਤੇ ਪ੍ਰਦੂਸ਼ਣ ਸਬੰਧੀ ਸੁਝਾਅ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ।
ਇੰਜੀ ਮੱਟੂ ਨੇ ਕੌਂਸਲ ਦੇ ਅਹੁਦੇਦਾਰਾਂ ਅਤੇ ਸਮੂਹ ਪੰਜਾਬੀਆਂ ਦਾ ਇਸ ਮਾਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ।












