ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਸਬੰਧੀ ਕੀਤੀ ਗਈ ਜਿਲ੍ਹਾ ਪੱਧਰੀ ਕਨਵੈਨਸ਼ਨ
ਪਟਿਆਲਾ, 26 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ(ਪੀ.ਪੀ.ਪੀ.ਐੱਫ) ਵੱਲੋਂ ਸੂਬਾਈ ਸੱਦੇ ਤਹਿਤ ਸਥਾਨਕ ਤਰਕਸ਼ੀਲ ਹਾਲ ਵਿਖੇ ਜ਼ਿਲਾ ਪੱਧਰੀ ਕਨਵੈਨਸ਼ਨ ਕਰਕੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਨੇ ਐੱਨ.ਪੀ.ਐੱਸ. ਅਤੇ ਯੂ.ਪੀ.ਐੱਸ. ਦਾ ਤੁਲਨਾਤਮਕ ਅਧਿਐਨ ਪੇਸ਼ ਕਰਦਿਆਂ 1972 ਦੇ ਨਿਯਮਾਂ ਵਾਲੀ ਪੁਰਾਣੀ ਪੈਨਸ਼ਨ ਦੀ ਲੋੜ ਬਾਰੇ ਦੱਸਿਆ। ਉਹਨਾਂ ਕਿਹਾ ਕਿ ਐੱਨ.ਪੀ.ਐੱਸ ਅਤੇ ਯੂ.ਪੀ.ਐੱਸ ਦੋਵੇਂ ਪੈਨਸ਼ਨ ਪ੍ਰਣਾਲੀਆਂ ਪੂਰੇ ਸੂਰੇ ਰੂਪ ਵਿੱਚ ਸ਼ੇਅਰ ਮਾਰਕਿਟ ਅਤੇ ਬਜ਼ਾਰੂ ਜੋਖ਼ਮ ਨਾਲ ਜੁੜੀਆਂ ਹੋਈਆਂ ਹਨ। ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਲਿਆਂਦੀ ਯੂਨੀਫਾਇਡ ਪੈਨਸ਼ਨ ਸਕੀਮ (ਯੂ.ਪੀ.ਐੱਸ.) ਨੂੰ ਵੀ ਮੁਲਾਜ਼ਮਾਂ ਨੇ ਰੱਦ ਕਰ ਦਿੱਤਾ ਹੈ, ਕਿਉਕਿ ਇਸ ਵਿਚ ਵੀ ਪੈਨਸ਼ਨ ਮੁਲਾਜ਼ਮ ਦੇ ਆਪਣੇ ਨਿੱਜੀ ਯੋਗਦਾਨ ਤੇ ਆਧਾਰਿਤ ਹੈ। ਕਨਵੈਨਸ਼ਨ ਦੌਰਾਨ ਮੰਚ ਸੰਚਾਲਨ ਦੀ ਸਮੁੱਚੀ ਕਾਰਵਾਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜਿਲ੍ਹਾ ਕਨਵੀਨਰ ਸਤਪਾਲ ਸਮਾਣਵੀ ਨੇ ਨਿਭਾਈ।
ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਹਰਦੀਪ ਟੋਡਰਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਵਾਜਬ ਮੰਗਾਂ ਦੇ ਹੱਲ ਲਈ ਵੱਡੀਆਂ ਉਮੀਦਾਂ ਨਾਲ਼ ‘ਆਪ ਸਰਕਾਰ’ ਨੂੰ ਸੂਬੇ ਦੀ ਵਾਗਡੋਰ ਸੌਂਪੀ ਸੀ। ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਭਗਵੰਤ ਮਾਨ ਸਰਕਾਰ ਖਿਲਾਫ਼ ਪੁਰਾਣੀ ਪੈਨਸ਼ਨ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਵਿੱਚ ਤਿੱਖੀ ਨਰਾਜ਼ਗੀ ਹੈ। ਐੱਨ.ਪੀ.ਐੱਸ ਮੁਲਾਜ਼ਮਾਂ ਦੇ ਜੀਪੀਐਫ਼ ਖਾਤੇ ਖੋਲ ਕੇ 2022 ਵਾਲੇ ਨੋਟੀਫਿਕੇਸ਼ਨ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਨ ਦੀ ਬਜਾਏ ਇਸ ਤੋਂ ਵੀ ਅੱਗੇ ਵੱਧਕੇ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਮੁਲਾਜ਼ਮ ਮਾਮਲਿਆਂ ਨੂੰ ਲੈ ਕੇ ਗਠਿਤ ਕੈਬਨਿਟ ਸਬ ਕਮੇਟੀ ਸੂਬੇ ਦੀ ਮਾੜੀ ਵਿੱਤੀ ਹਾਲਤ ਨੂੰ ਬਹਾਨਾ ਬਣਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਬਜਾਏ ਕੇਂਦਰੀ ਯੂ.ਪੀ.ਐੱਸ. ਸਕੀਮ ਨੂੰ ਥੋਪਣ ਦੀ ਤਿਆਰੀ ਵਿੱਚ ਹਨ। ਜਿਸਨੂੰ ਐੱਨ.ਪੀ.ਐੱਸ. ਮੁਲਾਜ਼ਮਾਂ ਨੇ ਧੁਰੋਂ ਨਕਾਰ ਦਿੱਤਾ ਹੈ। ਕਨਵੈਨਸ਼ਨ ਉਪਰੰਤ ਹਾਜ਼ਰ ਮੁਲਾਜ਼ਮਾਂ ਵੱਲੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਦੇ ਘਰ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਦੇ ਪੰਜਾਬ ਪ੍ਰਧਾਨ ਆਰਤੀ ਬਾਲੀ ਤੇ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ, ਗੁਰਧਿਆਨ ਸਿੰਘ ਸੂਬਾ ਜਨਰਲ ਸਕੱਤਰ 4161 ਟੀਚਰਜ਼ ਯੂਨੀਅਨ, ਸ਼ੰਕਰ ਪਾਤੜਾਂ 6635 ਈਟੀਟੀ ਯੂਨੀਅਨ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਜੀਤ ਸਿੰਘ ਘੱਗਾ, ਡੀਟੀਐੱਫ ਤੋਂ ਹਰਵਿੰਦਰ ਰੱਖੜਾ, ਰਾਜਿੰਦਰ ਸਮਾਣਾ, ਜੀਨੀਅਸ, ਜਗਤਾਰ ਰਾਮ, ਜਗਤਾਰ ਸਿੰਘ ਪਟਿਆਲਾ, ਡਾ. ਰਾਮਸ਼ਰਨ ਅਲੋਹਰਾਂ, ਹਰਵਿੰਦਰ ਬੇਲੂਮਾਜਰਾ, ਲਵੀ ਢਿੰਗੀ, ਮੈਡਮ ਮਨਦੀਪ ਕੌਰ ਟੋਡਰਪੁਰ, ਲੈਕ: ਕੁਲਵੰਤ ਸਿੰਘ, ਡਾ. ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਭਾਦਸੋਂ, ਕ੍ਰਿਸ਼ਨ ਚੁਹਾਣਕੇ, ਰਾਜੀਵ ਪਾਤੜਾਂ ਭੁਪਿੰਦਰ ਸਿੰਘ ਮਰਦਾਂਹੇੜੀ,ਕੁਲਵਿੰਦਰ ਬਰਸਟ, ਡਾ. ਰਵਿੰਦਰ ਕੰਬੋਜ, ਹਰਿੰਦਰ ਪਟਿਆਲਾ, ਸੁਖਦੇਵ ਸਿੰਘ ਰਾਜਪੁਰਾ ਆਦਿ ਮੌਜੂਦ ਸਨ।












