ਰਵੀ ਕੁਮਾਰ ਗੁਰਦਾਸਪੁਰ ਭਾਰਤੀ ਜੂਡੋ ਟੀਮ ਦੇ ਕੋਚ ਬਣੇ
ਫਤਿਹਗੜ੍ਹ ਸਾਹਿਬ,27, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
27 ਅਕਤੂਬਰ ਤੋਂ 30 ਅਕਤੂਬਰ ਤੱਕ ਹੋ ਰਹੀਆਂ ਤੀਸਰੀਆਂ ਏਸ਼ੀਅਨ ਯੂਥ ਖੇਡਾਂ ਬਹਿਰੀਨ ਲਈ ਭਾਰਤ ਦੀ 12 ਮੈਂਬਰੀ ਜੂਡੋ ਟੀਮ ਰਵਾਨਾ ਹੋ ਗਈ ਹੈ। ਇਸ ਟੀਮ ਦੇ ਕੋਚ ਰਵੀ ਕੁਮਾਰ ਗੁਰਦਾਸਪੁਰ ਨੂੰ ਲਗਾਇਆ ਗਿਆ ਹੈ। ਇਹਨਾਂ ਦੀ ਨਿਯੁਕਤੀ ਨਾਲ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਪੰਨਾ ਹੋਰ ਜੁੜ ਗਿਆ ਹੈ। 35 ਸਾਲਾਂ ਰਵੀ ਕੁਮਾਰ ਖੇਡ ਵਿਭਾਗ ਪੰਜਾਬ ਵਿੱਚ ਠੇਕੇ ਤੇ ਬਤੌਰ ਕੋਚ ਕੰਮ ਕਰ ਰਿਹਾ ਹੈ। ਪਿਛਲੇ ਦਿਨੀਂ ਉਹ ਜਰਮਨੀ ਦੇ ਬਰਲਿਨ ਸ਼ਹਿਰ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਭਾਰਤ ਦੀ ਟੀਮ ਦਾ ਕੋਚ ਬਣ ਕੇ ਗਿਆ ਸੀ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵੀ ਕੁਮਾਰ ਗੁਰਦਾਸਪੁਰ ਨੇ ਪਿਛਲੇ ਸੱਤ ਸਾਲਾਂ ਵਿੱਚ ਪੰਜਾਬ ਦੀ ਟੀਮ ਦੀ ਵੱਖ ਵੱਖ ਸੂਬਿਆਂ ਵਿਚ ਬਤੌਰ ਕੋਚ ਅਗਵਾਈ ਕੀਤੀ ਹੈ। ਉਨ੍ਹਾਂ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਖਿਡਾਰੀਆਂ ਨੇ ਅਨੇਕਾਂ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਬਹਿਰੀਨ ਜਾਣ ਤੋਂ ਪਹਿਲਾਂ ਭਾਰਤੀ ਜੂਡੋ ਟੀਮ ਸੈਂਟਰ ਆਫ ਐਕਸੀਲੈਂਸ ਭੁਪਾਲ ਵਿਖੇ ਇੱਕ ਮਹੀਨੇ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਉਮੀਦ ਹੈ ਕਿ ਭਾਰਤੀ ਜੂਡੋ ਟੀਮ ਦੇ ਖਿਡਾਰੀ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਜਲੰਧਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ, ਬਲਵਿੰਦਰ ਕੌਰ ਰਾਵਲਪਿੰਡੀ , ਸਾਬਕਾ ਜੂਡੋ ਖਿਡਾਰੀ ਕਪਿਲ ਕੌਸਲ ਡੀ ਐਸ ਪੀ ਬਟਾਲਾ, ਜਤਿੰਦਰ ਪਾਲ ਸਿੰਘ, ਸਾਹਿਲ ਪਠਾਣੀਆਂ, ਨਵੀਨ ਸਲਗੋਤਰਾ ਨੇ ਰਵੀ ਕੁਮਾਰ ਗੁਰਦਾਸਪੁਰ ਦੇ ਭਾਰਤੀ ਜੂਡੋ ਟੀਮ ਦੇ ਜੂਡੋ ਕੋਚ ਨਿਯੁਕਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।















