ਰਾਜਪੁਰਾ, 27 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪੁਲਿਸ ਗਤੀਵਿਧੀਆਂ, ਲੋਕ ਭਲਾਈ ਸਕੀਮਾਂ ਅਤੇ ਮਾਨਵਤਾ ਨਾਲ ਜੋੜਨ ਦੇ ਉਦੇਸ਼ ਨਾਲ ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ਵਿੱਚ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਵਿਸ਼ੇਸ਼ ਟ੍ਰੇਨਿੰਗਾਂ ਜਾਰੀ ਹਨ। ਇਸ ਮੰਹਗੇ ਉਪਰਾਲੇ ਅਧੀਨ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਤੇ ਮਨੁੱਖੀ ਆਫਤਾਂ, ਜੰਗਾਂ, ਅੱਗਾਂ, ਦੁਰਘਟਨਾਵਾਂ ਜਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸੁਰੱਖਿਆ ਅਤੇ ਸਹਾਇਤਾ ਬਾਰੇ ਤਿਆਰ ਕੀਤਾ ਜਾ ਰਿਹਾ ਹੈ।
ਇਸੇ ਸਬੰਧ ਵਿੱਚ ਸਾਂਝ ਕੇਂਦਰ ਰਾਜਪੁਰਾ ਦੇ ਇੰਚਾਰਜ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ, ਮਦਨਪੁਰ ਚਲਹੇੜੀ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਅਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਵਲੋਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਅਤੇ ਪੀੜਤਾਂ ਦੀ ਸਹਾਇਤਾ ਕਰਨ ਬਾਰੇ ਪ੍ਰਯੋਗਾਤਮਕ ਟ੍ਰੇਨਿੰਗ ਦਿੱਤੀ ਗਈ।
ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਕੁਦਰਤੀ ਜਾਂ ਮਨੁੱਖੀ ਆਫਤਾਂ, ਜੰਗਾਂ, ਘਰੇਲੂ ਜਾਂ ਉਦਯੋਗਿਕ ਦੁਰਘਟਨਾਵਾਂ, ਸੜਕ ਹਾਦਸੇ, ਅੱਗ ਲੱਗਣ, ਗੈਸ ਲੀਕ ਹੋਣ, ਬਿਜਲੀ ਕਰੰਟ ਜਾਂ ਇਮਾਰਤਾਂ ਡਿੱਗਣ ਵਰਗੀਆਂ ਸਥਿਤੀਆਂ ਦੌਰਾਨ ਜਾਨਾਂ ਅਤੇ ਸੰਪਤੀ ਦੀ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ। ਰਿਸੋਰਸ ਪਰਸਨ ਵਲੋਂ ਕਿਹਾ ਗਿਆ ਕਿ ਸਹੀ ਸਮੇਂ ਸਾਵਧਾਨੀ ਅਤੇ ਫਸਟ ਏਡ ਦੀ ਸਹੀ ਜਾਣਕਾਰੀ ਨਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਸ ਮੌਕੇ ਸਕੂਲ ਦੀ ਸਟੂਡੈਂਟ ਪੁਲਿਸ ਕੈਡਿਟ ਇੰਚਾਰਜ ਅਨੁਪਮ, ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਪਿੰਡ ਪੰਚਾਇਤ ਮੈਂਬਰਾਂ ਨੇ ਟ੍ਰੇਨਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ ਅਤੇ ਫਾਇਰ ਸੇਫਟੀ ਦੀ ਵਿਵਹਾਰਕ ਟ੍ਰੇਨਿੰਗ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੇਗੀ।
ਪਿੰਡ ਵਾਸੀਆਂ ਅਤੇ ਸਕੂਲ ਪ੍ਰਬੰਧਕਾਂ ਵਲੋਂ ਪੰਜਾਬ ਸਰਕਾਰ, ਪੁਲਿਸ ਵਿਭਾਗ, ਸਿੱਖਿਆ ਵਿਭਾਗ ਅਤੇ ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਬੇਨਤੀ ਕੀਤੀ ਗਈ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਹੋਰ ਪਿੰਡਾਂ ਦੇ ਸਕੂਲਾਂ ਵਿੱਚ ਵੀ ਨਿਯਮਤ ਤੌਰ ‘ਤੇ ਕਰਵਾਈਆਂ ਜਾਣ।












